ਸ਼੍ਰੋਮਣੀ ਕਮੇਟੀ ਤੇ ਕਾਬਜ਼ ਕੁਝ ਵਿਅਕਤੀਆਂ ਨੇ ਤਖ਼ਤ ਸਾਹਿਬਾਨਾਂ ਦੀ ਮਾਣ-ਮਰਯਾਦਾ ਅਤੇ ਰਵਾਇਤਾਂ ਦਾ ਘਾਣ ਕਰਦਿਆਂ ਸਿੱਖੀ ਸਿਧਾਂਤਾਂ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ- ਰਵੀਇੰਦਰ ਸਿੰਘ
- ਕਿਹਾ,ਬਾਦਲ ਪਰਿਵਾਰ ਕਰ ਰਿਹਾ ਸਿੱਖੀ ਸਿਧਾਂਤਾਂ ਤੇ ਮਰਿਆਦਾ ਦੀ ਘੋਰ ਉਲੰਘਣਾ
- ਮਰਿਆਦਾ ਤੋ ਹੱਟ ਕੇ ਕੀਤੀਆਂ ਜਾ ਰਹੀਆਂ ਪੰਥਕ ਵਿਰੋਧੀ ਕਾਰਵਾਈਆਂ ਕਰਕੇ ਵਿਸ਼ਵ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ- ਰਵੀਇੰਦਰ ਸਿੰਘ
ਚੰਡੀਗੜ੍ਹ 12 ਮਾਰਚ 2025 - ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਥੇਦਾਰ ਦੀ ਕੀਤੀ ਗਈ ’ਤਾਜਪੋਸ਼ੀ’ ਨੂੰ ਗੈਰ ਮਰਯਾਦਾ ਅਤੇ ਸਿੱਖ ਪੰਥ ਨਾਲ ਛੱਲ ਕਪਟ ਕਰਾਰ ਦਿੱਤਾ ਅਤੇ ਕਿਹਾ ਕਿ ਜ਼ੋਰਾਵਰਾਂ ਨੇ ਤਖ਼ਤ ਸਾਹਿਬਾਨ ਦੀ ਮਾਣ-ਮਰਯਾਦਾ ਅਤੇ ਰਵਾਇਤਾਂ ਦਾ ਘਾਣ ਕਰਦਿਆਂ ਸਿੱਖੀ ਸਿਧਾਂਤਾਂ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ।
ਉਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀਹਵੀਂ ਸਦੀ ਦੇ ਆਰੰਭਕ ਦਹਾਕਿਆਂ ਵਿਚ ਸਿੱਖ ਪੰਥ ਵਿੱਚ ਪਸਰੀ ਗੁਰਦੁਆਰਾ ਸੁਧਾਰ ਲਹਿਰ ਦੀ ਦੇਣ ਹੈ। ਇਸ ਸੰਸਥਾ ਦੀ ਸਥਾਪਨਾ ਲਈ ਸਿੱਖਾਂ ਨੂੰ ਲੰਮਾ ਸਮਾਂ ਸੰਘਰਸ਼ ਕਰਨਾ ਪਿਆ ਸੀ ਪਰ ਕੌਮ ਨੂੰ ਅਜਿਹੇ ਦਿਨ ਵੀ ਵੇਖਣੇ ਪੈ ਰਹੇ ਹਨ। ਸ਼੍ਰੋਮਣੀ ਕਮੇਟੀ ਨੂੰ ਆਪਣੀ ਨਿੱਜ ਪ੍ਰਸਤੀ ਤੱਕ ਫੈਸਲੇ ਸੀਮਤ ਕੀਤੇ ਜਾ ਰਹੇ ਹਨ।
ਐਸ.ਜੀ.ਪੀ.ਸੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਪੰਥ ਦੇ ਸਨਮਾਨਿਤ ਅਹੁਦਿਆਂ ਤੇ ਬੈਠੇ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਅਚਾਨਕ ਸੇਵਾਵਾਂ ਤੋ ਲਾਂਭੇ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬ—ਉੱਚਤਾ, ਸਿੱਖ ਸਿਧਾਤਾਂ, ਪਰੰਪਰਾਵਾਂ ਅਤੇ ਮਰਿਆਦਾ ਨੂੰ ਢਾਹ ਲਗਾਈ ਗਈ ਹੈ ਅਤੇ ਹੁਣ ਬਗੈਰ ਪੰਥਕ ਪ੍ਰਵਾਨਗੀ ਦੇ ਤੈਅ ਸਮੇਂ ਤੋ ਪਹਿਲਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਕੀਤੀ ਗਈ ਤਾਜਪੋਸ਼ੀ ਨਾਲ ਪੰਥ ਨੂੰ ਢਾਹ ਲੱਗੀ ਹੈ।
ਉਨਾਂ ਕਿਹਾ ਕਿ ਮਰਿਆਦਾ ਤੋ ਹੱਟ ਕੇ ਕੀਤੀਆਂ ਜਾ ਰਹੀਆਂ ਅਜਿਹੀਆਂ ਪੰਥਕ ਵਿਰੋਧੀ ਕਾਰਵਾਈਆਂ ਕਰਕੇ ਵਿਸ਼ਵ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।ਉਨਾਂ ਮੁਤਾਬਕ ਬਾਦਲ ਪਰਿਵਾਰ ਨੇ ਸਿੱਖੀ ਸਿਧਾਂਤਾਂ ਤੇ ਮਰਿਆਦਾ ਦੀ ਘੋਰ ਉਲੰਘਣਾ ਕੀਤੀ ਹੈ। ਸ੍ਰੀ ਅਕਾਲ ਤਖਤ ਦਾ ਪ੍ਰਬੰਧ ਸਿੱਖ ਸੰਗਤ ਕੋਲ ਨਾ ਹੋਣ ਕਰਕੇ ਅਤੇ ਜਥੇਦਾਰਾਂ ਦੇ ਨਿਯੁਕਤੀ, ਸੇਵਾ ਮੁਕਤੀ ਆਦਿ ਬਾਰੇ ਕੋਈ ਵਿਧੀ ਵਿਧਾਨ ਨਾ ਹੋਣ ਕਾਰਨ ਹੀ ਅੱਜ ਮੌਜੂਦਾ ਹਾਲਾਤ ਪੈਦਾ ਹੋਏ ਹਨ। ਇਸ ਕਾਰਨ ਸਿੱਖ ਸੰਗਤ ਵਿੱਚ ਭਾਰੀ ਰੋਸ ਹੈ।
ਸਾਬਕਾ ਸਪੀਕਰ ਨੇ ਕਿਹਾ ਕਿ ਜਦ ਤੱਕ ਬਾਦਲ ਦਲ ਦਾ ਦਖ਼ਲ ਸ਼੍ਰੋਮਣੀ ਕਮੇਟੀ ਵਿੱਚ ਰਹੇਗਾ, ਇਥੇ ਕਿਸੇ ਪ੍ਰਬੰਧਕੀ ਤੇ ਧਾਰਮਿਕ ਸੁਧਾਰ ਦੀ ਆਸ ਨਹੀਂ ਕੀਤੀ ਜਾ ਸਕਦੀ।
ਇਸ ਮੌਕੇ ਸ ਰਵੀਇੰਦਰ ਸਿੰਘ ਨੇ ਅਪੀਲ ਕੀਤੀ ਕਿ ਮੌਜੂਦਾ ਸਮੇਂ ਵਿਚ ਪੈਦਾ ਹੋਏ ਪੰਥਕ ਟਕਰਾਅ ਅਤੇ ਵਿਰੋਧ ਦੀ ਸਥਿਤੀ ਵਿਚ ਕੌਮ ਦੀ ਇਕਜੁੱਟਤਾ ਅਤੇ ਸਹਿਮਤੀ ਨਾਲ ਪੰਥਕ ਰੂਪ ਵਿਚ ਇਸ ਦੁਵਿਧਾ ਦਾ ਹੱਲ ਕੱਢਣ ਦੀ ਲੋੜ੍ਹ ਤੇ ਜ਼ੋਰ ਦੇਣ ਸਬੰਧੀ ਸਮੂਹ,ਹਮ ਖਿਆਲੀ ਤੇ ਪੰਥਕ ਧਿਰਾਂ ਨੂੰ ਇਕ ਮੰਚ ਤੇ ਇਕੱਠੇ ਹੋਣਾ ਚਾਹੀਦਾ ਹੈ।