ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਧਰਮ ਪ੍ਰਚਾਰ ਯਾਤਰਾ ਲਈ ਬੁੱਢਾ ਦਲ ਦਾ ਵਿਸ਼ੇਸ਼ ਜਥਾ ਮਹਾਰਾਸ਼ਟਰ ਨੂੰ ਰਵਾਨਾ: ਦਿਲਜੀਤ ਸਿੰਘ ਬੇਦੀ
ਸੰਗਤਾਂ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰ ਸਕਣਗੀਆਂ
ਸ੍ਰੀ ਫਤਹਿਗੜ੍ਹ ਸਾਹਿਬ, 14 ਅਗਸਤ 2025 : ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਦੇਸ਼ ਘਰੋ ਘਰੀ ਪਹੁੰਚਾਉਣ ਲਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਖਾਲਸਾ ਪੰਥ ਵੱਲੋਂ ਸਿੱਖ ਧਰਮ ਦੇ ਨੌਵੇਂ ਪਾਤਸ਼ਾਹ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਅਤੇ ਦਸਮ ਪਾਤਸ਼ਾਹ ਦਾ ਗੁਰਤਾਗੱਦੀ ਦਿਵਸ ਦੀਆਂ 350 ਸਾਲਾ ਸ਼ਤਾਬਦੀਆਂ ਨੂੰ ਸਮਰਪਿਤ ਬੁੱਢਾ ਦਲ ਵੱਲੋਂ ਵਿਸ਼ੇਸ਼ ਗੁਰਮਤਿ ਸਮਾਗਮ ਉਲੀਕੇ ਗਏ ਹਨ। ਇਸ ਸਬੰਧੀ ਅੱਜ ਵਿਸ਼ੇਸ਼ ਜਥਾ ਮੋਹਾਲੀ ਤੋਂ ਧਰਮ ਪ੍ਰਚਾਰ ਮੁਹਿੰਮ ਲਈ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਪੂਣੇ ਨੂੰ ਰਵਾਨਾ ਹੋਇਆ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਇਨ੍ਹਾਂ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆ ਦਸਿਆ ਹੈ ਕਿ ਇਨ੍ਹਾਂ ਸ਼ਤਾਬਦੀਆਂ ਦੀ ਰੋਸ਼ਨੀ ਵਿੱਚ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਸੁਯੋਗ ਅਗਵਾਈ ਹੇਠ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਮਹਾਂਰਾਸਟਰ ਦੇ ਵੱਖ-ਵੱਖ ਸ਼ਹਿਰਾਂ ਕਸਬਿਆਂ ਦੇ ਗੁਰੂਘਰਾਂ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮਾਂ ਅਤੇ ਨਗਰ ਕੀਰਤਨਾਂ ਦੀ ਗੁਰਮਤਿ ਜੁਗਤਿ ਅਨੁਸਾਰੀ ਪ੍ਰਚਾਰ ਮੁਹਿੰਮ ਅਰੰਭੀ ਗਈ ਹੈ। ਉਨ੍ਹਾਂ ਦਸਿਆ ਕਿ 15 ਅਗਸਤ ਨੂੰ ਹਵਾਈ ਜਹਾਜ ਰਾਹੀਂ ਬਾਬਾ ਬਲਬੀਰ ਸਿੰਘ 96 ਕਰੋੜੀ ਆਪਣੇ ਜਥੇ ਅਤੇ ਇਤਿਹਾਸਕ ਨਿਸ਼ਾਨੀਆਂ ਸਮੇਤ ਪੂਣੇ ਹਵਾਈ ਅੱਡੇ ਪੁਜਣਗੇ। ਸ਼ਸਤਰਾਂ ਨੂੰ ਪੂਰੇ ਸਤਿਕਾਰ ਅਤੇ ਸਿੱਖੀ ਜਾਹੋ ਜਲਾਲ ਨਾਲ ਪੂਣੇ ਦੀ ਸੰਗਤ ਵੱਲੋਂ ਇਕ ਵਿਸ਼ੇਸ਼ ਨਗਰ ਕੀਰਤਨ ਦੀ ਸ਼ਕਲ ਵਿਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਕੈਂਪ ਵਿਖੇ ਲਿਜਾਇਆ ਜਾਵੇਗਾ।
ਸ. ਬੇਦੀ ਨੇ ਹੋਰ ਦਸਿਆ ਕਿ ਬੁੱਢਾ ਦਲ ਪਾਸ ਗੁਰੂ ਸਾਹਿਬਾਨ ਦੀਆਂ ਬਖਸ਼ਿਸ਼ ਮਹਾਨ ਨਿਸ਼ਾਨੀਆਂ ਹਨ ਜਿਨ੍ਹਾਂ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ੍ਰੀ ਸਾਹਿਬ (ਤਲਵਾਰ), ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕਟਾਰ, ਬਾਬਾ ਫਤਹਿ ਸਿੰਘ ਜੀ ਦੀ ਜੰਗੀ ਢਾਲ, ਬਾਬਾ ਦੀਪ ਸਿੰਘ ਸ਼ਹੀਦ ਜੀ ਦਾ ਦੁਮਾਲਾ ਚੱਕਰ ਅਤੇ ਮਹਾਨ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਕਿਰਪਾਨ ਅਤੇ ਕੰਘਾ ਇਸ ਧਾਰਮਿਕ ਯਾਤਰਾ ਦੇ ਵਿਸ਼ੇਸ਼ ਸ਼ਿੰਗਾਰ ਹੋਣਗੇ।
ਉਨ੍ਹਾਂ ਕਿਹਾ 16 ਅਗਸਤ ਦੀ ਸ਼ਾਮ ਨੂੰ ਗੁ: ਗੁਰੂ ਨਾਨਕ ਦਰਬਾਰ ਕੈਂਪ ਵਿਖੇ ਗੁਰਮਤਿ ਸਮਾਗਮ ਹੋਵੇਗਾ ਜਿਸ ਵਿੱਚ ਪੰਥ ਪ੍ਰਸਿੱਧ ਵਿਦਵਾਨ ਗੁਰਮਤਿ ਵਿਚਾਰਾ ਰਾਹੀਂ ਸਾਂਝ ਪਾਉਣਗੇ ਅਤੇ ਬੁੱਢਾ ਦਲ ਵੱਲੋਂ ਬਾਬਾ ਬਲਬੀਰ ਸਿੰਘ 96 ਕਰੋੜੀ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਵਾਉਣਗੇ। 17 ਅਗਸਤ ਨੂੰ ਸਵੇਰੇ 10 ਵਜੇ ਗੁ: ਨਾਨਕ ਦਰਬਾਰ ਕੈਂਪ ਤੋਂ ਪੂਰੇ ਖਾਲਸਾਈ ਸ਼ਾਨੋ ਸ਼ੋਕਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਅਤੇ ਗੁਰੂ ਸਾਹਿਬਾਨ ਦੇ ਸ਼ਸਤਰਾਂ, ਨਿਸ਼ਾਨ ਨਿਗਾਰਿਆਂ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਅਰੰਭ ਹੋਵੇਗਾ ਜੋ ਸਸ਼ਬਾਜੀ ਨਗਰ ਔਰੰਗਾਬਾਦ ਤੋਂ ਅਹਿਮਦਨਗਰ ਪੁਜੇਗਾ ਏਥੇ ਪੜਾ ਕਰਨ ਉਪਰੰਤ ਨਗਰ ਕੀਰਤਨ ਯਾਤਰਾ ਕਰਦਾ ਸ਼ਾਮ ਨੂੰ ਗੁ: ਸ੍ਰੀ ਗੁਰੂ ਤੇਗ਼ ਬਹਾਦਰ ਲੰਗਰ ਸਾਹਿਬ ਤੋਂ ਹੁੰਦਾ ਹੋਇਆ ਮੁੜ ਵਾਪਸੀ ਸਸ਼ਬਾਜੀ ਨਗਰ ਪੁਜੇਗਾ। ਇਸ ਅਸਥਾਨ ਤੇ ਰਾਤ ਨੂੰ ਮਹਾਨ ਗੁਰਮਤਿ ਸਮਾਗਮ ਹੋਵੇਗਾ। ਬੁੱਢਾ ਦਲ ਦੇ ਪ੍ਰਚਾਰਕ ਭਾਈ ਸੁਖਜੀਤ ਸਿੰਘ ਕਨੱਈਆ ਗੁਰੂ ਸਾਹਿਬਾਨ ਅਤੇ ਮਹਾਨ ਸਿੱਖ ਯੋਧਿਆ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕਰਨਗੇ। ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਸ਼ਸਤਰਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣਗੇ ਅਤੇ ਸ਼ਸਤਰਾਂ ਅਤੇ ਬੁੱਢਾ ਦਲ ਦੇ ਇਤਿਹਾਸ ਬਾਰੇ ਸੰਗਤ ਨੂੰ ਜਾਣੂੰ ਕਰਵਾਉਣਗੇ।