ਪਟਿਆਲਾ: DC ਵੱਲੋਂ ਡੰਪ ਸਾਈਟ ਦਾ ਜਾਇਜ਼ਾ, ਨਗਰ ਨਿਗਮ ਨੂੰ ਪੁਰਾਣੇ ਕੂੜੇ ਦਾ ਹੋਰ ਤੇਜੀ ਨਾਲ ਨਿਪਟਾਰਾ ਕਰਨ ਦੀ ਹਦਾਇਤ
-ਕਿਹਾ, ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਮੁਸਤੈਦ, ਡੰਪ ਨੂੰ ਅੱਗ ਲੱਗਣ ਤੋਂ ਲੋਕਾਂ ਨੂੰ ਘਬਰਾਹਟ 'ਚ ਨਾ ਆਉਣ ਦੀ ਅਪੀਲ
-ਲੋਕ ਆਪਣੇ ਘਰਾਂ ਵਿੱਚ ਹੀ ਗਿੱਲਾ ਤੇ ਸੁੱਕਾ ਕੂੜਾ ਵੱਖੋ-ਵੱਖ ਕਰਨਾ ਯਕੀਨੀ ਬਣਾਉਣ-ਡਾ. ਪ੍ਰੀਤੀ ਯਾਦਵ
ਪਟਿਆਲਾ, 30 ਅਪ੍ਰੈਲ 2025- ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਇੱਥੇ ਨਗਰ ਨਿਗਮ ਦੇ ਕੂੜੇ ਦੇ ਡੰਪ ਦਾ ਜਾਇਜ਼ਾ ਲੈ ਕੇ ਨਗਰ ਨਿਗਮ ਨੂੰ ਹਦਾਇਤ ਕੀਤੀ ਕਿ ਪੁਰਾਣੇ ਪਏ ਕੂੜੇ ਦੇ ਜਲਦ ਨਿਪਟਾਰੇ ਲਈ ਯਤਨ ਹੋਰ ਤੇਜ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਵੀ ਕੂੜੇ ਦੇ ਡੰਪ ਨੂੰ ਅੱਗ ਲੱਗਣ ਤੋਂ ਕਿਸੇ ਤਰ੍ਹਾਂ ਦੀ ਘਬਰਾਹਟ ਵਿੱਚ ਨਾ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ 'ਤੇ ਤਸੱਲੀ ਦਾ ਇਜ਼ਹਾਰ ਵੀ ਕੀਤਾ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਕੂੜੇ ਦੇ ਨਿਪਟਾਰੇ ਸਮੇਤ ਕੂੜੇ ਨੂੰ ਗਰਮੀਆਂ ਵਿੱਚ ਲੱਗਣ ਵਾਲੀ ਅੱਗ ਤੋਂ ਬਚਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਸਮੇਤ ਹੋਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਹਿਰ ਵਾਸੀਆਂ ਨੂੰ ਪੁਰਾਣੇ ਪਏ ਕੂੜੇ ਦੇ ਢੇਰ ਤੋਂ ਪੱਕੇ ਤੌਰ 'ਤੇ ਨਿਜਾਤ ਦਿਵਾਉਣ ਲਈ ਕੂੜੇ ਨੂੰ ਵਿਗਿਆਨਕ ਤੇ ਵਾਤਾਵਰਣ ਪੱਖੀ ਢੰਗਾਂ ਨਾਲ ਠਿਕਾਣੇ ਲਗਾਉਣ ਦੇ ਯਤਨਾਂ ਨੂੰ ਹੋਰ ਤੇਜ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੂੜੇ ਦੇ ਢੇਰ ਨੂੰ ਲੱਗੀ ਅੱਗ ਕੰਟਰੋਲ ਹੇਠ ਹੈ ਅਤੇ ਇਸ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਨਗਰ ਨਿਗਮ ਦੇ ਪ੍ਰਸ਼ਾਸਨ ਚੌਕਸੀ ਨਾਲ ਪੁਖ਼ਤਾ ਇਤਜਾਮ ਕਰ ਰਿਹਾ ਹੈ, ਇਸ ਲਈ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਫ਼ਵਾਹਾਂ ਤੇ ਘਬਰਾਹਟ ਤੋਂ ਬਚਣਾ ਚਾਹੀਦਾ ਹੈ।
ਡਾ. ਪ੍ਰੀਤੀ ਯਾਦਵ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਸੁੱਕਾ ਤੇ ਗਿੱਲਾ ਕੂੜਾ ਵੱਖੋ-ਵੱਖ ਕਰਨਾ ਯਕੀਨੀ ਬਣਾਉਣ ਤਾਂ ਕਿ ਕੂੜੇ ਦੇ ਸਰੋਤ ਤੋਂ ਹੀ ਉਸ ਨੂੰ ਵਾਤਾਵਰਣ ਪੱਖੀ ਢੰਗਾਂ ਨਾਲ ਠਿਕਾਣੇ ਲਾਉਣ ਦੇ ਯਤਨ ਸ਼ੁਰੂ ਹੋ ਜਾਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਆਪਣੇ ਘਰਾਂ ਵਿੱਚ ਵੱਖੋ-ਵੱਖ ਡਸਟਬਿਨ ਰੱਖਦੇ ਹੋਏ ਪਲਾਸਟਿਕ ਤੇ ਪੋਲੀਥੀਨ ਦੇ ਲਿਫਾਫਿਆਂ ਸਮੇਤ ਨਾ ਗਲਣਯੋਗ ਕੂੜਾ ਵੱਖ ਕਰਕੇ ਡਸਟਬਿਨ ਵਿੱਚ ਪਾਉਣਾਂ ਚਾਹੀਦਾ ਹੈ ਅਤੇ ਰਸੋਈ ਦਾ ਵੇਸਟ ਤੇ ਗਲਣਯੋਗ ਕੂੜਾ ਵੱਖਰੇ ਡਸਟਬਿਨ ਵਿੱਚ ਪਾਉਣਾਂ ਚਾਹੀਦਾ ਹੈ, ਤਾਂ ਕਿ ਕੂੜੇ ਦੇ ਡੰਪ ਉਪਰ ਗਰਮੀਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨਾ ਵਾਪਰਨ। ਇਸ ਮੌਕੇ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।