ਹੁਣ USA ਚ ਵੀ ਬਣਿਆ ਪੰਜਾਬੀ ਭਵਨ - ਗੁਰਭਜਨ ਨੇ ਭਵਨ ਦੇ ਬਾਨੀ ਅਜੀਤ ਭੱਠਲ ਨੂੰ ਦਿੱਤੀ ਸ਼ਾਬਾਸ਼
ਲੁਧਿਆਣਾ 28 ਅਪਰੈਲ 2025 - ਬੇਕਰਜ਼ਫੀਲਡ (ਅਮਰੀਕਾ) ਵਿੱਚ ਪੰਜਾਬੀ ਭਵਨ ਬਣਾ ਕੇ ਮੇਰੇ ਮਿੱਤਰ ਅਜੀਤ ਸਿੰਘ ਭੱਠਲ ਨੇ ਮੇਰੀ ਇੱਛਾ ਨੂੰ ਹਕੀਕਤ ਵਿੱਚ ਤਬਦੀਲ ਕੀਤਾ ਹੈ। 2003 ਵਿੱਚ ਮੈਂ ਪਹਿਲੀ ਵਾਰ ਕੈਨੇਡਾ ਤੇ ਅਮਰੀਕਾ ਫੇਰੀ ਤੇ ਗਿਆ ਸੀ। ਇਕਬਾਲ ਮਾਹਲ ਤੇ ਹੋਰ ਦੋਸਤਾਂ ਨੇ ਮੇਰੇ ਸੁਆਗਤ ਵਿੱਚ ਟੋਰੰਟੋ(ਕੈਨੇਡਾ)ਵਿੱਚ ਚੰਗਾ ਸੋਹਣਾ ਤੇ ਵਿਸ਼ਾਲ ਸਮਾਗਮ ਲਾਡੀ ਬੈਂਕੁਇਟ ਹਾਲ ਵਿੱਚ ਕੀਤਾ ਸੀ। ਅਗਲੀ ਵਾਰ 2006 ਵਿੱਚ ਜਦ ਮੈਂ ਟੋਰੰਟੋ ਗਿਆ ਤਾਂ ਸਾਂਝੇ ਸੁਪਨਿਆਂ ਦੀ ਉਸਾਰੀ ਲਈ ਪੰਜਾਬੀ ਭਵਨ ਉਸਾਰਨ ਦੀ ਗੱਲ ਛੋਹੀ। ਤੁਰੰਤ ਹੁੰਗਾਰਾ ਭਰਦਿਆਂ ਪੰਜਾਬੀ ਲੇਖਕ ਤਰਲੋਚਨ ਸਿੰਘ ਗਿੱਲ ਜੀ ਨੇ ਇੱਕ ਹਜ਼ਾਰ ਰੁਪਏ ਦਾ ਚੈੱਕ ਕੱਟ ਕੇ ਮੇਰੇ ਹੱਥ ਫੜਾਇਆ ਤੇ ਬਾਕੀ ਭਾਈਚਾਰੇ ਨੂੰ ਅੱਗੇ ਆਉਣ ਲਈ ਪ੍ਰੇਰਿਆ। ਕਾਹਲ ਵਿੱਚ ਫ਼ੈਸਲਾ ਲੈਣ ਦੀ ਥਾਂ ਗੱਲ ਪੱਕਣ ਲਈ ਸਮਾਂ ਲੈ ਲਿਆ।
2016 ਵਿੱਚ ਸਰੀ(ਕੈਨੇਡਾ) ਗਿਆ ਤਾਂ ਮੋਹਨ ਗਿੱਲ ਤੇ ਕੁਲਦੀਪ ਗਿੱਲ ਵਰਗੇ ਮਿੱਤਰਾਂ ਨੇ ਸੁੱਖੀ ਬਾਠ ਜੀ ਨੂੰ ਮਿਲਾਇਆ। ਉਹ ਉਦੋਂ ਸਟੁਡੀਉ-7 ਨਾਮੀ ਸੰਸਥਾ ਚਲਾ ਰਹੇ ਸਨ। ਮੈਂ ਵਿਚਾਰ ਦਿੱਤਾ ਕਿ ਕਿਉਂ ਨਾ ਇਸ ਇਮਾਰਤ ਨੂੰ ਪੰਜਾਬੀ ਭਵਨ ਜਾਂ ਪੰਜਾਬ ਭਵਨ ਵਿੱਚ ਤਬਦੀਲ ਕਰ ਲਿਆ ਜਾਵੇ। ਸੋਚ ਵਿਚਾਰ ਕਰਕੇ ਉਨ੍ਹਾਂ ਪੰਜਾਬ ਫੇਰੀ ਦੌਰਾਨ ਬਲਜੀਤ ਬੱਲੀ ਨਾਲ ਇੰਟਰਵਿਊ ਦੌਰਾਨ ਇਸ ਦਾ ਉਸੇ ਸਾਲ ਐਲਾਨ ਕਰ ਦਿੱਤਾ। ਇਸੇ ਸਾਲ ਇਸ ਦਾ ਉਦਘਾਟਨ ਹੈ ਗਿਆ। ਸੁੱਖੀ ਬਾਠ ਨੇ ਆਪਣੇ ਪਿਤਾ ਜੀ ਸ. ਅਰਜਨ ਸਿੰਘ ਬਾਠ ਜੀ ਦੀ ਯਾਦ ਵਿੱਚ ਇਹ ਭਵਨ ਉਸਾਰਿਆ। ਉਨ੍ਹਾਂ ਦੀ ਵੱਡੀ ਭੈਣ ਜੀ ਤੇ ਵੱਡੀ ਪੋਤਰੀ ਨਿਮਰਤਾ ਨੇ ਪਰਦਾ ਹਟਾ ਕੇ ਇਸ ਦਾ ਉਦਘਾਟਨ ਕੀਤਾ। ਮੈਂ ਵੀ ਹਾਜ਼ਰ ਸਾਂ ਮਿੱਤਰਾਂ ਸਮੇਤ। ਫਿਰ ਡਾ. ਦਲਬੀਰ ਸਿੰਘ ਕਥੂਰੀਆ ਨੇ ਪੰਜਾਬੀ ਭਵਨ ਟੋਰੰਟੋ ਵਿੱਚ 2022 ਵਿੱਚ ਬਣਾ ਦਿੱਤਾ।
ਹੁਣ ਬਦੇਸ਼ਾਂ ਚ ਤੀਸਰਾ ਪੰਜਾਬੀ ਕੇਂਦਰ ਬੇਕਰਜ਼ਫੀਲਡ ਵਿੱਚ ਅਜੀਤ ਨੇ ਬਣਾ ਦਿੱਤਾ ਹੈ। ਆਸਟ੍ਰੇਲੀਆ ਵਿੱਚ ਵੀ ਆਗਿਆਕਾਰ ਸਿੰਘ ਗਰੇਵਾਲ ਤੇ ਭਰਾ ਤਿਆਰੀ ਵਿੱਢੀ ਬੈਠੇ ਹਨ। ਮਰਨ ਤੋਂ ਪਹਿਲਾਂ ਮੇਰਾ ਸੁਪਨਾ ਬਜੇਸ਼ਾਂ ਵਿੱਚ ਪੰਜ ਥਾਵਾਂ ਤੇ ਮਾਂ ਬੋਲੀ ਕੇਂਦਰ ਬਣਵਾਉਣ ਦਾ ਸੁਪਨਾ ਸੀ। ਵੇਖੋ! ਪੰਜਵਾਂ ਕੌਣ ਨਿੱਤਰਦਾ ਹੈ। ਇਰ ਸਾਰੇ ਕੇਂਦਰ ਨਿੱਜੀ ਸੰਪਤੀਆਂ ਹਨ ਪਰ ਇਨ੍ਹਾਂ ਦੀ ਵਰਤੋਂ ਲਈ ਕੋਈ ਫ਼ੀਸ ਵਹੀਂ ਵਸੂਲੀ ਜਾਂਦੀ ਸਗੋਂ ਚਾਹ ਪਾਣੀ ਨਾਲ ਆਉਭਗਤ ਕੀਤੀ ਜਾਂਦੀ ਹੈ। ਦਾਰੂ ਦਾਸੀਆਂ ਤੋਂ ਸੰਪੂਰਨ ਪਰਹੇਜ਼ ਰੱਖਿਆ ਜਾਂਦਾ ਹੈ। ਮੇਰੇ ਮਿੱਤਰ ਅਜੀਤ ਭੱਠਲ ਨੇ ਅਮਰੀਕਾ ਵਿੱਚ ਪਹਿਲਾ ਪੰਜਾਬੀ ਭਵਨ ਬਣਾ ਕੇ ਧਰਤੀ ਮਾਂ ਦਾ ਕਰਜ਼ ਉਤਾਰਿਆ ਹੈ। ਅਜੀਤ ਲੁਧਿਆਣਾ ਦੇ ਪਿੰਡ ਚੱਕ ਕਲਾਂ(ਨੇੜੇ ਮੁੱਲਾਂਪੁਰ) ਦਾ ਜੰਮਪਲ ਹੈ। ਗੌਰਮਿੰਟ ਕਾਲਿਜ ਲੁਧਿਆਣਾ ਤੇ ਗੁਰੂਸਰ ਸਧਾਰ ਕਾਲਿਜ ਤੋਂ ਪੜ੍ਹਿਆ ਹੈ ਉਹ। ਪੰਜਾਬ ਵਿੱਚ ਬੇਰੁਜ਼ਗਾਰ ਅਧਿਆਪਕਾਂ ਦਾ ਮੋਢੀ ਆਗੂ ਰਿਹਾ ਹੈ।