ਕੇਂਦਰੀ ਯੂਨੀਵਰਸਿਟੀ ਵਿਖੇ ‘ਸਪਤ ਸਿੰਧੂ: ਭਾਰਤੀ ਸੱਭਿਅਤਾ ਦੀ ਜਨਨੀ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 30 ਅਪ੍ਰੈਲ 2025: ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਅਗਵਾਈ ਹੇਠ ‘ਸਪਤ ਸਿੰਧੂ: ਭਾਰਤੀ ਸੱਭਿਅਤਾ ਦੀ ਜਨਨੀ’ ਵਿਸ਼ੇ ‘ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਸਫਲਤਾਪੂਰਕ ਆਯੋਜਿਤ ਕੀਤਾ ਗਿਆ।ਇਸ ਸੈਮੀਨਾਰ ਵਿੱਚ ਪ੍ਰਸਿੱਧ ਸਮਾਜ ਸੇਵਕ ਅਤੇ ਚਿੰਤਕ ਨਰਿੰਦਰ ਨੇ ਮੁੱਖ ਮਹਿਮਾਨ ਵਜੋਂ ਭਾਗ ਲਿਆ, ਜਦਕਿ ਪੀਜੀਆਈ ਚੰਡੀਗੜ੍ਹ ਦੇ ਡਾ. ਵਰਿੰਦਰ ਗਰਗ ਨੇ ਮੁੱਖ ਬੁਲਾਰੇ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ। ਨਰਿੰਦਰ ਨੇ ਆਪਣੇ ਸੰਬੋਧਨ ਵਿੱਚ ਸਪਤ ਸਿੰਧੂ ਖੇਤਰ ਨੂੰ ਭਾਰਤੀ ਸੱਭਿਅਤਾ ਦੀ ਜਨਨੀ ਵਜੋਂ ਦੱਸਦੇ ਹੋਏ ਇਸ ਦੀ ਵਿਸ਼ਾਲਤਾ, ਸਮਾਵੇਸ਼ੀ ਸੁਭਾਅ ਅਤੇ ਸਭ ਧਰਮਾਂ-ਸੰਸਕ੍ਰਿਤੀਆਂ ਪ੍ਰਤੀ ਆਦਰ ਦੀ ਸੰਸਕ੍ਰਿਤੀ ਨੂੰ ਵਿਖਾਇਆ। ਉਨ੍ਹਾਂ ਤਕਸ਼ਸ਼ਿਲਾ ਯੂਨੀਵਰਸਿਟੀ ਨੂੰ ਵਿਸ਼ਵ ਦੀ ਸਭ ਤੋਂ ਪਹਿਲੀ ਯੂਨੀਵਰਸਿਟੀ ਦੱਸਿਆ ਅਤੇ ਇਹ ਵੀ ਕਿਹਾ ਕਿ ਵਿਸ਼ਵ ਭਰ ਦੇ ਵਿਦਵਾਨ ਇੱਥੇ ਗਿਆਨ ਪ੍ਰਾਪਤ ਕਰਨ ਆਉਂਦੇ ਸਨ।
ਉਨ੍ਹਾਂ ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਬੇਮਿਸਾਲ ਕੁਰਬਾਨੀਆਂ ਬਾਰੇ ਗੱਲ ਕੀਤੀ ਅਤੇ ਉਹਨਾਂ ਵਲੋਂ ਦਿੱਤੇ 'ਏਕ ਓਂਕਾਰ' ਦੇ ਵਿਸ਼ਵਵਿਆਪੀ ਸੰਦੇਸ਼ ਤੇ ਚਾਨਣਾ ਪਾਇਆ। ਉਹਨਾਂ ਨੇ ਸਵਾਮੀ ਵਿਵੇਕਾਨੰਦ ਦੇ ਭਾਰਤੀ ਸੰਸਕ੍ਰਿਤੀ ਤੇ ਸੰਸਕਾਰਾਂ ਸੰਬੰਧੀ ਵਿਚਾਰਾਂ ਦੀ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਰਾਸ਼ਟਰਵਾਦੀ ਮੁੱਲਾਂ ਅਤੇ ਇਤਿਹਾਸਕ ਜਾਗਰੂਕਤਾ ਜੋੜਨ ਦੀ ਲੋੜ 'ਤੇ ਜ਼ੋਰ ਦਿੱਤਾ।ਡਾ. ਵਰਿੰਦਰ ਗਰਗ ਨੇ ਸਪਤ ਸਿੰਧੂ ਖੇਤਰ ਵਿੱਚ ਪੰਜਾਬ ਦੀ ਕੇਂਦਰੀ ਭੂਮਿਕਾ ਨੂੰ ਰੇਖਾਂਕਿਤ ਕਰਦਿਆਂ ਹੜੱਪਾ, ਮੋਹੇਨਜੋਦਾਰੋ ਅਤੇ ਰਾਖੀਗੜ੍ਹੀ ਵਰਗੇ ਇਤਿਹਾਸਿਕ ਸਥਲਾਂ ਦੀ ਚਰਚਾ ਕੀਤੀ। ਉਨ੍ਹਾਂ ਮੈਕਸ ਮੂਲਰ ਦੇ ਆਰੀਅਨ ਹਮਲੇ ਦੇ ਸਿਧਾਂਤ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਬਸਤੀਵਾਦੀ ਨਜ਼ਰੀਏ ਦਾ ਨਤੀਜਾ ਸੀ ਜੋ ਭਾਰਤੀ ਇਤਿਹਾਸ ਅਤੇ ਪੁਰਾਤੱਤਵ ਤੱਥਾਂ ਨੂੰ ਅਣਡਿੱਠਾ ਕਰਦਾ ਹੈ।
ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਭਾਰਤੀ ਸੱਭਿਅਤਾ ਦੀ ਵਿਸ਼ੇਸ਼ਤਾਵਾਂ, ਗਿਆਨ ਪਰੰਪਰਾ ਅਤੇ ਵਿਗਿਆਨਕ ਯੋਗਦਾਨਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਐਂਗਸ ਮੈਡੀਸਨ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ 1700 ਈ. ਵਿੱਚ ਭਾਰਤ ਦੀ ਵਿਸ਼ਵ ਜੀਡੀਪੀ ਵਿੱਚ 24% ਹਿੱਸੇਦਾਰੀ ਸੀ ਜੋ ਬ੍ਰਿਟਿਸ਼ ਰਾਜ ਦੇ ਅਖੀਰ ਵਿੱਚ ਘੱਟ ਕੇ 3% ਤੱਕ ਰਹਿ ਗਈ। ਉਨ੍ਹਾਂ ਭਾਰਤ ਦੀ ਗੁਆਚੀ ਹੋਈ ਆਰਥਿਕ ਸ਼ਕਤੀ ਨੂੰ ਮੁੜ ਪ੍ਰਾਪਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।ਇਸ ਮੌਕੇ ‘ਤੇ ਸ਼੍ਰੀਮਾਨ ਨਰਿੰਦਰ ਬੱਸੀ ਅਤੇ ਡਾ. ਸੰਜੀਵ ਕੁਮਾਰ ਵੱਲੋਂ ਲਿਖੀਆਂ ਕਿਤਾਬਾਂ ਦਾ ਵੀ ਜਾਰੀ ਕੀਤੀਆਂ ਗਈਆਂ।