ਗੁਲਜ਼ਾਰ ਬੌਬੀ ਨੇ ਵਿੱਤ ਮੰਤਰੀ ਅਤੇ ਕਮਿਸ਼ਨ ਦੇ ਚੇਅਰਮੈਨ ਦੀ ਮੌਜੂਦਗੀ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਵਜੋਂ ਅਹੁਦਾ ਸੰਭਾਲਿਆ
ਚੰਡੀਗੜ੍ਹ, 16 ਅਪ੍ਰੈਲ 2025 - ਗੁਲਜ਼ਾਰ ਸਿੰਘ ਬੌਬੀ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਦੀ ਮੌਜੂਦਗੀ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਵਜੋਂ ਅਹੁਦਾ ਸੰਭਾਲਿਆ।
ਇਸ ਮੌਕੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਸ਼੍ਰੀ ਗੁਲਜ਼ਾਰ ਸਿੰਘ ਬੌਬੀ ਨੂੰ ਉਨ੍ਹਾਂ ਦੀ ਨਿਯੁਕਤੀ 'ਤੇ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਡਾ. ਬੀ.ਆਰ. ਅੰਬੇਡਕਰ ਦੀਆਂ ਸਿੱਖਿਆਵਾਂ ਤੇ ਚੱਲਦਿਆਂ ਆਪਣੀ ਸੇਵਾਵਾਂ ਨਿਭਾਉਣਗੇ।
ਸ. ਚੀਮਾ ਨੇ 'ਆਪ' ਦੇ ਸੰਗਰੂਰ ਜ਼ਿਲ੍ਹਾ ਐਸ.ਸੀ. ਵਿੰਗ ਦੇ ਪ੍ਰਧਾਨ ਵਜੋਂ ਸਮਾਜ ਦੇ ਦੱਬੇ-ਕੁਚਲੇ ਵਰਗ ਲਈ ਕੰਮ ਕਰਨ ਦੇ ਬੌਬੀ ਦੇ ਪਿਛੋਕੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਅਨੁਭਵ ਇਸ ਨਵੇਂ ਅਹੁਦੇ ਲਈ ਕੀਮਤੀ ਸਾਬਿਤ ਹੋਵੇਗਾ।
ਚੇਅਰਮੈਨ ਸ਼੍ਰੀ ਜਸਵੀਰ ਸਿੰਘ ਗੜ੍ਹੀ ਨੇ ਬੌਬੀ ਦਾ ਕਮਿਸ਼ਨ ਵਿੱਚ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਮਰਪਣ ਭਾਵਨਾ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਰੱਖਿਆ ਅਤੇ ਪ੍ਰਚਾਰ ਲਈ ਸੰਗਠਨ ਦੇ ਯਤਨਾਂ ਨੂੰ ਹੋਰ ਮਜ਼ਬੂਤ ਕਰੇਗੀ।
ਇਥੇ ਜਿਕਰਯੋਗ ਹੈ ਕਿ ਸ਼੍ਰੀ ਗੁਲਜ਼ਾਰ ਸਿੰਘ ਬੌਬੀ, ਸੰਗਰੂਰ ਸ਼ਹਿਰ ਦੇ ਵਸਨੀਕ ਹਨ ਅਤੇ ਉਨ੍ਹਾਂ ਦਾ ਜੱਦੀ ਪਿੰਡ ਬੰਗਾਂਵਾਲੀ ਹੈ। ਉਹ 2016 ਤੋਂ 'ਆਪ' ਦੇ ਸੰਗਰੂਰ ਜ਼ਿਲ੍ਹਾ ਐਸਸੀ ਵਿੰਗ ਦੇ ਜੁਆਇੰਟ ਸਕੱਤਰ ਅਤੇ 2018 ਤੋਂ ਪ੍ਰਧਾਨ ਵਜੋਂ ਸੇਵਾ ਨਿਭਾਉਂਦਿਆਂ ਸਮਾਜਿਕ ਕਾਰਜਾਂ ਵਿੱਚ ਸਰਗਰਮੀ ਨਾਲ ਸ਼ਾਮਲ ਰਹੇ ਹਨ।