ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕਿਸਾਨਾਂ ਵੱਲੋਂ ਟਰੰਪ ਅਤੇ ਮੋਦੀ ਦੇ ਪੁਤਲੇ ਫੂਕ ਮੁਜ਼ਾਹਰੇ
ਅਸ਼ੋਕ ਵਰਮਾ
ਬਠਿੰਡਾ,4 ਅਪ੍ਰੈਲ 2025: ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤਹਿਤ ਜਿਲਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਮੋਰਚੇ ਚ ਸ਼ਾਮਿਲ ਜਥੇਬੰਦੀਆਂ ਵੱਲੋਂ ਭਾਰਤ ਦੀ ਖੇਤੀ, ਡੇਅਰੀ, ਪੋਲਟਰੀ,ਛੋਟੀਆਂ ਸਨਅਤਾਂ, ਵਪਾਰ ਅਤੇ ਦੂਜੇ ਕਾਰੋਬਾਰਾਂ ਨੂੰ ਬਰਬਾਦ ਕਰਨ ਵਾਲੀਆਂ ਟੈਕਸ ਨੀਤੀਆਂ ਨੂੰ ਰੱਦ ਕਰਾਉਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ । ਇੱਥੇ ਅੱਜ ਦੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ( ਬੁਰਜ ਗਿੱਲ) ਦੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ, ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਸੂਬਾ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ,ਅਤੇ ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਮੈਂਬਰ ਸੁਖਜਿੰਦਰ ਕੌਰ ਨੇ ਸੰਬੋਧਨ ਕੀਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਦੇ ਦਬਾਅ ਤਹਿਤ ਉਹਨਾਂ ਨਾਲ ਟੈਕਸ ਮੁਕਤ ਸੰਧੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਭਾਰਤ ਦੇ ਖੇਤੀ ਅਰਥਚਾਰੇ, ਉਦਯੋਗ ਅਤੇ ਵਪਾਰ ਨਾਲ ਜੁੜੇ ਕਾਰੋਬਾਰ ਪ੍ਰਭਾਵਿਤ ਹੋਣਗੇ। ਉਹਨਾਂ ਕਿਹਾ ਕਿ ਅਮਰੀਕਾ ਭਾਰਤ ਉੱਪਰ ਦਬਾਅ ਪਾ ਰਿਹਾ ਹੈ ਕਿ ਭਾਰਤ ਤੋਂ ਬਾਹਰ ਜਾਣ ਵਾਲੀਆਂ ਖੇਤੀ ਵਸਤਾਂ ਤੇ ਟੈਕਸ ਵਧਾਇਆ ਜਾਵੇ ਅਤੇ ਅਮਰੀਕਾ ਤੋਂ ਖੇਤੀ ਜਿਣਸਾਂ ਅਤੇ ਹੋਰ ਵਸਤੂਆਂ ਭਾਰਤ ਨੂੰ ਖਰੀਦਣ ਸਮੇਂ ਉਹਨਾਂ ਤੇ ਟੈਕਸ ਘਟਾਇਆ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸੰਧੀਆਂ ਲਾਗੂ ਹੋਣ ਨਾਲ ਅਮਰੀਕਾ ਜੋ ਕਿ ਕਣਕ ਸਮੇਤ ਹੋਰ ਵਾਧੂ ਅਨਾਜ ਸਮੁੰਦਰਾਂ ਵਿੱਚ ਸੁੱਟਦਾ ਹੈ, ਭਾਰਤ ਦੀ ਮੰਡੀ ਵਿੱਚ ਲਿਆ ਕੇ ਇਸ ਨੂੰ ਵੇਚੇਗਾ ਜਿਸ ਨਾਲ ਭਾਰਤ ਵਿਚ ਖੇਤੀ, ਸਹਾਇਕ ਧੰਦੇ ਅਤੇ ਖੇਤੀ ਅਧਾਰਤ ਤੇ ਦੂਜੇ ਛੋਟੇ ਉਦਯੋਗ ਤੋਂ ਹੋਣ ਵਾਲੇ ਉਤਪਾਦਨ ਦੀਆਂ ਕੀਮਤਾਂ ਬਹੁਤ ਘੱਟ ਜਾਣਗੀਆਂ।
ਆਗੂਆਂ ਨੇ ਕਿਹਾ ਕਿ ਇਸ ਕਾਰਨ ਖੇਤੀ ਅਤੇ ਇਹ ਦੂਜੇ ਸਾਰੇ ਧੰਦੇ ਬਰਬਾਦ ਹੋ ਜਾਣਗੇ ਜਿਸ ਨਾਲ ਦੇਸ਼ ਵਿੱਚ ਵੱਡੀ ਪੱਧਰ ਤੇ ਬੇਰੁਜ਼ਗਾਰੀ ਵਧੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤ ਉੱਪਰ ਵਿਸ਼ਵ ਵਪਾਰ ਸੰਸਥਾ ਨਾਲ ਕੀਤੇ ਸਮਝੌਤੇ ਦਾ ਪਹਿਲਾਂ ਹੀ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਸੀ ਪ੍ਰੰਤੂ ਹੁਣ ਅਮਰੀਕਾ ਖੁਦ ਉਸ ਸਮਝੌਤੇ ਦਾ ਉਲੰਘਣ ਕਰਕੇ ਆਪਣੇ ਤੌਰ ਤੇ ਹੋਰ ਮਾਰੂ ਨੀਤੀਆਂ ਲਾਗੂ ਕਰ ਰਿਹਾ ਹੈ ਜਿਸ ਨਾਲ ਦੁਨੀਆਂ ਵਿੱਚ ਵਪਾਰਕ ਜੰਗ ਸ਼ੁਰੂ ਹੋ ਗਈ ਹੈ ਜਿਸ ਨਾਲ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਦੇ ਅਰਥਚਾਰੇ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ । ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਭਾਰਤ ਨੂੰ ਤੁਰੰਤ ਵਿਸ਼ਵ ਵਪਾਰ ਸੰਸਥਾ ਅਧੀਨ ਕੀਤੇ ਗਏ ਸਮਝੌਤੇ ਤੋਂ ਬਾਹਰ ਆਉਣਾ ਚਾਹੀਦਾ ਹੈ ਅਤੇ ਆਪਣੀ ਸੁਤੰਤਰ ਆਰਥਿਕ ਨੀਤੀ ਅਨੁਸਾਰ ਦੇਸ਼ ਦੇ ਲੋਕਾਂ ਦੇ ਹਿੱਤਾਂ ਅਨੁਸਾਰ ਫੈਸਲੇ ਲੈਣੇ ਚਾਹੀਦੇ ਹਨ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜਗਦੇਵ ਸਿੰਘ ਜੋਗੇਵਾਲਾ, ਬੂਟਾ ਸਿੰਘ ਤੁੰਗਵਾਲੀ, ਹਰਵਿੰਦਰ ਸਿੰਘ ਕੋਟਲੀ, ਬਲਵਿੰਦਰ ਸਿੰਘ ਗੰਗਾ, ਨੈਬ ਸਿੰਘ ਫੂਸ ਮੰਡੀ, ਸੁਖਜੀਤ ਕੌਰ ਚੱਕ ਫਤਿਹ ਸਿੰਘ ਵਾਲਾ, ਬਖਸ਼ੀਸ਼ ਸਿੰਘ ਖਾਲਸਾ,ਅਮਰਜੀਤ ਸਿੰਘ ਹਨੀ ਆਦਿ ਵੀ ਮੌਜੂਦ ਸਨ ।