ਕ੍ਰਿਸਚਨ ਭਾਈਚਾਰੇ ਨੇ ਚੌਂਕ ਵਿੱਚ ਗੱਡਤਾ ਕਰੋਸ ਦਾ ਨਿਸ਼ਾਨ, ਕਹਿੰਦੇ ਇੱਥੇ ਬਣੇਗਾ ਹੁਣ ਕ੍ਰਿਸਚਨ ਚੌਂਕ
ਰੋਹਿਤ ਗੁਪਤਾ
ਗੁਰਦਾਸਪੁਰ, 30 ਮਾਰਚ 2025 - ਵੱਖ-ਵੱਖ ਧਾਰਮਿਕ ਹਸਤੀਆਂ ਦੇ ਨਾਂ ਤੇ ਬਣੇ ਚੌਂਕਾਂ ਤੋਂ ਬਾਅਦ ਹੁਣ ਗੁਰਦਾਸਪੁਰ ਵਿੱਚ ਮਸੀਹ ਭਾਈਚਾਰੇ ਨੇ ਮਸੀਹ ਚੌਂਕ ਬਣਾਉਣ ਦੀ ਮੰਗ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਅੱਜ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਮਸੀਹ ਭਾਈਚਾਰੇ ਦੇ ਕੁਝ ਨੌਜਵਾਨਾਂ ਵੱਲੋਂ ਕਰਾਸ ਦਾ ਨਿਸ਼ਾਨ ਸ਼ਹੀਦ ਨਵਦੀਪ ਸਿੰਘ ਦੇ ਨਾਂ ਉੱਤੇ ਬਣੇ ਗੇਟ ਦੇ ਨੇੜੇ ਸਥਿਤ ਮੱਛੀ ਮਾਰਕੀਟ ਚੌਂਕ ਵਿੱਚ ਗੱਡ ਦਿੱਤਾ ਅਤੇ ਇੱਥੇ ਮਸੀਹ ਚੋਕ ਬਣਾਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ । ਹਾਲਾਂਕਿ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਕਰਾਸ ਨੂੰ ਬੜੇ ਅਦਬ ਨਾਲ ਉੱਥੋਂ ਚੁੱਕ ਕੇ ਨੇੜੇ ਦੇ ਚਰਚ ਵਿਖੇ ਪਹੁੰਚਾਇਆ ਗਿਆ।
ਬਾਅਦ ਵਿੱਚ ਇੱਥੇ ਵੱਡੀ ਗਿਣਤੀ ਵਿੱਚ ਮਸੀਹ ਭਾਈਚਾਰੇ ਦੇ ਲੋਕ ਇਕੱਠੇ ਹੋ ਗਏ । ਜਿਨਾਂ ਵਿੱਚੋਂ ਨੌਜਵਾਨ ਮਸੀਹ ਆਗੂ ਐਸ ਐਮ ਰੰਧਾਵਾ ਅਤੇ ਲੱਭਾ ਮਸੀਹ ਆਲੂਵਾਲ ਨੇ ਦੱਸਿਆ ਕਿ ਸ਼ਹਿਰ ਵਿੱਚ ਗੁਰੂ ਰਵਿਦਾਸ ਦੇ ਨਾਂ ਤੇ ,ਭਗਵਾਨ ਪਰਸ਼ੂਰਾਮ ਦੇ ਨਾਂ ਤੇ ,ਭਗਵਾਨ ਹਨੂਮਾਨ ਦੇ ਨਾਂ ਤੇ , ਭਾਈ ਲਾਲੋ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਵੀ ਚੌਂਕ ਬਣੇ ਹਨ ਪਰ ਮਸੀਹ ਭਾਈਚਾਰੇ ਨੂੰ ਇਸ ਵਿੱਚ ਅਣਗੋਲਿਆ ਕੀਤਾ ਗਿਆ ਹੈ। ਲੰਬੇ ਸਮੇਂ ਤੋ ਉਹਨਾਂ ਦੇ ਮਨ ਵਿੱਚ ਵੀ ਇਹ ਵਿਚਾਰ ਆ ਰਿਹਾ ਹੈ ਕਿ ਸ਼ਹਿਰ ਵਿੱਚ ਮਦਰ ਟੈਰਿਸਾ ਦਾ ਬੁੱਤ ਜਾਂ ਫਿਰ ਪਵਿੱਤਰ ਸਲੀਬ ਲਗਾ ਕੇ ਮਸੀਹ ਚੌਂਕ ਬਣਾਉਣਾ ਚਾਹੀਦਾ ਹੈ। ਅੱਜ ਕੁਝ ਨੌਜਵਾਨਾਂ ਨੇ ਮੱਛੀ ਮਾਰਕੀਟ ਚੌਂਕ ਵਿੱਚ ਪਵਿੱਤਰ ਸਲੀਬ ਲਿਆ ਕੇ ਰੱਖ ਦਿੱਤਾ ਤੇ ਮਸੀਹ ਚੌਂਕ ਬਣਾਉਣ ਦੀ ਮੰਗ ਕੀਤੀ ਹੈ ਜਿਸ ਦਾ ਉਹ ਪੂਰਨ ਤੌਰ ਤੇ ਸਮਰਥਨ ਕਰਦੇ ਹਨ।
ਮਸੀਹ ਆਗੂਆਂ ਨੇ ਕਿਹਾ ਕਿ ਉਹ ਆਪਣੀ ਇਸ ਮੰਗ ਨੂੰ ਪੂਰਿਆਂ ਕਰਨ ਲਈ ਕੋਈ ਗੈਰ ਕਾਨੂੰਨੀ ਢੰਗ ਜਾਂ ਕਿਸੇ ਤਰ੍ਹਾਂ ਦੀ ਹਿੰਸਾ ਕਰਨ ਦੇ ਹੱਕ ਵਿੱਚ ਨਹੀਂ ਹਨ ਅਤੇ ਜ਼ਿਲ੍ਾ ਪ੍ਰਸ਼ਾਸਨ ਨੇ ਵੀ ਉਹਨਾਂ ਨੂੰ ਆਸ਼ਵਾਨ ਦਿੱਤਾ ਹੈ ਕਿ ਉਹਨਾਂ ਦੀ ਮੰਗ ਤੇ ਗੌਰ ਕੀਤਾ ਜਾਏਗਾ। ਮਸੀਹ ਆਗੂਆਂ ਅਨੁਸਾਰ ਇੱਕ ਅਪ੍ਰੈਲ ਨੂੰ ਉਹ ਆਪਣੀ ਇਸ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਲਣਗੇ ਅਤੇ ਇੱਕ ਮੰਗ ਪੱਤਰ ਦੇਣਗੇ । ਜੇਕਰ ਉਹਨਾਂ ਦੀ ਮੰਗ ਮੰਨ ਲਈ ਜਾਂਦੀ ਹੈ ਠੀਕ ਨਹੀਂ ਤਾਂ ਉਹ ਆਪਣੀ ਮੰਗ ਦੇ ਹੱਕ ਵਿੱਚ ਸੰਘਰਸ਼ ਕਰਨ ਤੋਂ ਗੁਰੇਜ ਵੀ ਨਹੀਂ ਕਰਨਗੇ।