ਗੁਰਦਾਸਪੁਰ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਚਲਾਇਆ ਗਿਆ ਸਪੈਸ਼ਲ ਓਪਰੇਸ਼ਨ
ਰੋਹਿਤ ਗੁਪਤਾ
ਗੁਰਦਾਸਪੁਰ, 29 ਮਾਰਚ 2025 - ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਦੇ ਨਿਰਦੇਸ਼ਾਂ ਤਹਿਤ ਅੱਜ ਪੁਲਿਸ ਵਿਭਾਗ ਵੱਲੋਂ ਗੁਰਦਾਸਪੁਰ ਦੇ ਡਰੱਗ ਹੋਟ-ਸਪੋਟ 'ਤੇ ਸਪੈਸ਼ਲ ਓਪਰੇਸ਼ਨ ਚਲਾਇਆ ਗਿਆ। ਇਸ ਓਪਰੇਸ਼ਨ ਦੀ ਨਿਗਰਾਨੀ ਕਰਨ ਲਈ ਆਈ.ਜੀ. ਬਾਰਡਰ ਰੇਂਜ ਸ੍ਰੀ ਪਰਮਰਾਜ ਸਿੰਘ ਉਮਰਾਨੰਗਲ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਆਦਿੱਤਯ, ਆਈ.ਪੀ.ਐੱਸ, ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਨੇ ਦੱਸਿਆ ਕਿ ਇਸ ਸਪੈਸ਼ਲ ਓਪਰੇਸ਼ਨ ਵਿੱਚ ਕਪਤਾਨ ਪੁਲਿਸ, ਸਥਾਨਿਕ, ਗੁਰਦਾਸਪੁਰ ਦੀ ਦੇਖ-ਰੇਖ ਵਿੱਚ ਵੱਖ-ਵੱਖ ਟੀਮਾਂ ਬਣਾਈਆਂ ਗਈਆਂ, ਜਿਸ ਵਿੱਚ 08 ਜੀ.ਓ., 250 ਈ.ਪੀ.ਓ ਕੁੱਲ 280 ਪੁਲਿਸ ਕਰਮਚਾਰੀ ਸ਼ਾਮਿਲ ਹੋਏ। ਉਨ੍ਹਾਂ ਦੱਸਿਆ ਕਿ ਅੱਜ ਦੇ ਸਪੈਸ਼ਲ ਓਪਰੇਸ਼ਨ ਦੌਰਾਨ ਪਿੰਡ ਜੌੜਾ ਛੱਤਰਾਂ, ਡੀਡਾ ਸਾਂਸੀਆਂ, ਆਈ.ਟੀ.ਆਈ ਕਲੋਨੀ, ਕਲਾਨੌਰ ਅਤੇ ਇਸਲਾਮਾਬਾਦ ਮੁਹੱਲਾ ਗੁਰਦਾਸਪੁਰ ਅਤੇ ਹੋਰ ਥਾਵਾਂ ਵਿਖੇ ਨਸ਼ੇ ਦਾ ਧੰਦਾ ਕਰਨ ਵਾਲੇ, ਮਾੜੇ ਅਨਸਰਾਂ ਅਤੇ ਸ਼ੱਕੀ ਵਿਅਕਤੀਆਂ ਦੇ ਸਬੰਧ ਵਿੱਚ ਰੇਡ ਕਰਕੇ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ 08 ਪੁਲਿਸ ਪਾਰਟੀਆਂ ਬਣਾਈਆਂ ਗਈਆਂ ਅਤੇ 8 ਹਾਟਸਪਾਟ ਦੀ ਚੈਕਿੰਗ ਕੀਤੀ ਗਈ।
ਐੱਸ.ਐੱਸ.ਪੀ. ਸ੍ਰੀ ਆਦਿੱਤਿਯ ਨੇ ਦੱਸਿਆ ਕਿ ਅੱਜ ਦੇ ਸਪੈਸ਼ਲ ਓਪਰੇਸ਼ਨ ਦੌਰਾਨ 15 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਧਰਾਵਾਂ ਹੇਠ 07 ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਅਤੇ ਉਨ੍ਹਾਂ ਕੋਲੋਂ 27 ਗਰਾਮ ਹੈਰੋਇਨ, 50 ਨਸ਼ੀਲੀਆਂ ਗੋਲੀਆਂ, 1400 ਰੁਪਏ ਡਰੱਗ ਮਨੀ, ਸਿਲਵਰ ਪੇਪਰ ਐਂਡ ਲਾਈਟਰ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਸਪੈਸ਼ਲ ਓਪਰੇਸ਼ਨ ਦੌਰਾਨ ਟਰੈਫ਼ਿਕ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ 25 ਟਰੈਫ਼ਿਕ ਚਲਾਨ ਵੀ ਕੱਟੇ ਗਏ।
ਇਸ ਦੌਰਾਨ ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਆਮ ਲੋਕ ਵੀ ਪੰਜਾਬ ਪੁਲਿਸ ਦਾ ਅੱਗੇ ਵੱਧ ਕੇ ਸਾਥ ਦੇਣ ਅਤੇ ਨਸ਼ਿਆਂ/ਗੈਰ-ਕਾਨੂੰਨੀ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੀ ਇਤਲਾਹ ਪੁਲਿਸ ਨੂੰ ਦਿੱਤੀ ਜਾਵੇ, ਅਜਿਹੇ ਵਿਅਕਤੀਆਂ ਖ਼ਿਲਾਫ਼ ਠੋਸ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।