ਤਲਵੰਡੀ ਸਾਬੋ ਥਰਮਲ ਪਲਾਂਟ ਬਣਾਂਵਾਲੀ ਵਰਜ਼ਿਤ ਜੋਨ ਵਿੱਚ ਸ਼ਾਮਲ
ਅਸ਼ੋਕ ਵਰਮਾ
ਮਾਨਸਾ,29 ਮਾਰਚ 2025: ਤਲਵੰਡੀ ਸਾਬੋ ਪਾਵਰ ਲਿਮਿਟਡ (ਟੀਐਸਪੀਐਲ) ਪੰਜਾਬ ਦੇ ਸਭ ਤੋਂ ਵੱਡੇ ਨਿੱਜੀ ਥਰਮਲ ਪਾਵਰ ਪਲਾਂਟ, ਨੂੰ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਵਰਜਿਤ ਜੋਨ ਵਿੱਚ ਸ਼ਾਮਲ ਕਰ ਦਿੱਤਾ ਹੈ ਜਿਸ ਦਾ ਮਕਸਦ ਇਸ ਪ੍ਰਜੈਕਟ ਦੀ ਸੁਰੱਖਿਆ ਅਤੇ ਬਿਜਲੀ ਉਤਾਪਦਨ ਨੂੰ ਨਿਰਵਿਘਨ ਯਕੀਨੀ ਬਨਾਉਣਾ ਹੈ। ਪੰਜਾਬ ਨੂੰ ਵੱਡੇ ਪੱਧਰ ਤੇ ਬਿਜਲੀ ਸਪਲਾਈ ਕਰਨ ਵਾਲੇ ਇਸ ਤਾਪ ਬਿਜਲੀ ਘਰ ਨੂੰ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਵਿਸੇਸ਼ ਦਰਜਾ ਦਿੱਤਾ ਹੈ ਜਿਸ ਤਹਿਤ ਹੁਣ ਇਸ ਖਿੱਤੇ ਵਿੱਚ ਕਈ ਤਰਾਂ ਦੀਆਂ ਰੋਕਾਂ ਲੱਗ ਗਈਆਂ ਹਨ। ਨਿਯਮਾਂ ਅਨੁਸਾਰ ਅਗੇਤੀ ਪ੍ਰਵਾਨਗੀ ਤੋਂ ਬਿਨਾਂ ਟੀਸਪੀਐਲ ਅੰਦਰ ਦਾਖਲ ਨਹੀਂ ਹੋ ਸਕੇਗਾ। ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸਨੂੰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਖਾਸ ਕਰਕੇ ਉਸ ਵਕਤ ਜਦੋਂ ਉਸ ਨੂੰ ਸੁਰੱਖਿਆ ਲਈ ਖ਼ਤਰਾ ਮੰਨਿਆ ਜਾਂਦਾ ਹੋਵੇ।
ਨੋਟੀਫਿਕੇਸ਼ਨ ’ਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਫਰਜ਼ੀ ਦਸਤਾਵੇਜਾਂ , ਅਧਿਕਾਰੀ ਬਣਕੇ ਗੁਮਰਾਹਕੁੰਨ ਢੰਗ ਦੀ ਵਰਤੋਂ ਅਤੇ ਸਰਕਾਰੀ ਵਰਦੀ ਪਹਿਨਣਾ ਆਦਿ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਸ ’ਚ ਦੋਸ਼ੀ ਨੂੰ ਤਿੰਨ ਸਾਲ ਤੱਕ ਸਜ਼ਾ ਜਾਂ ਜੁਰਮਾਨਾ ਹੋ ਸਕਦਾ ਹੈ। ਗ੍ਰਹਿ ਵਿਭਾਗ ਨੇ ਮਨਾਹੀ ਵਾਲੇ ਖੇਤਰ ਦੀ ਸੁਰੱਖਿਆ ਵਿੱਚ ਲੱਗੇ ਪੁਲਿਸ ਜਾਂ ਹੋਰ ਸੁਰੱਖਿਆ ਬਲਾਂ ਦੇ ਕੰਮ ਵਿੱਚ ਰੁਕਾਵਟ ਪੈਦਾ ਕਰਨ ਨੂੰ ਇੱਕ ਗੰਭੀਰ ਅਪਰਾਧ ਮੰਨਿਆ ਹੈ। ਅਜਿਹਾ ਕਰਨ ਵਾਲਿਆਂ ਤਿੰਨ ਸਾਲ ਤੱਕ ਸਜ਼ਾ, ਜੁਰਮਾਨਾ ਜਾਂ ਦੋਹਾਂ ਸਜ਼ਾਵਾਂ ਇਕੱਠੀਆਂ ਦਿੱਤੀਆਂ ਜਾ ਸਕਦੀਆਂ ਹਨ। ਟੀਐਸਪੀਐਲ ਦੇ ਮੁੱਖ ਸੰਚਾਲਣ ਅਧਿਕਾਰੀ ਪੰਕਜ ਸ਼ਰਮਾ ਨੇ ਕਿਹਾ, ‘ਸਾਡੇ ਪਲਾਂਟ, ਕਰਮਚਾਰੀਆਂ ਅਤੇ ਆਸਪਾਸ ਦੇ ਲੋਕਾਂ ਦੀ ਸੁਰੱਖਿਆ ਸਾਡੀ ਸਭ ਤੋਂ ਮੁੱਖ ਪਹਿਲ ਹੈ। ਉਨ੍ਹਾਂ ਇਸ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਆਮ ਲੋਕਾਂ ਨੂੰ ਇਹਨਾਂ ਮਹੱਤਵਪੂਰਨ ਨਿਯਮਾਂ ਦੀ ਪਾਲਣਾ ਕਰਕੇ ਜਨਤਕ ਅਤੇ ਥਰਬਮਲ ਪਲਾਂਟ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਨਾਉਣ ਲਈ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਇਲਾਕਾ ਵਾਸੀਆਂ ਦਾ ਸਹਿਯੋਗ ਅਤੀਅੰਤ ਮਹੱਤਵਪੂਰਨ ਹੈ। ਦੱਸਣਯੋਗ ਹੈ ਕਿ ਕਾਫੀ ਸਮਾਂ ਪਹਿਲਾਂ ਤਲਵੰਡੀ ਸਾਬੋ ਥਰਮਲ ਪਲਾਂਟ ਲਾਗੇ ਜਨਤਕ ਧਿਰਾਂ ਵੱਲੋਂ ਧਰਨੇ ਆਦਿ ਲਾਏ ਜਾਂਦੇ ਰਹੇ ਹਨ ਜਿਸ ਨਾਲ ਪਲਾਂਟ ਦੀ ਕਾਰਜਸ਼ੀਲਤਾ ’ਚ ਵਿਘਨ ਪੈਂਦਾ ਸੀ। ਇਹ ਇੱਕ ਸੁਪਰਕਰਿਟੀਕਲ ਤਾਪ ਬਿਜਲੀ ਘਰ ਹੈ ਜੋ ਪਾਵਰਕੌਮ ਨੂੰ ਬਾਕੀ ਅਦਾਰਿਆਂ ਨਾਲੋਂ ਸਭ ਤੋਂ ਵੱਧ ਬਿਜਲੀ ਸਪਲਾਈ ਕਰਦਾ ਹੈ। ਇਹੋ ਕਾਰਨ ਹੈ ਕਿ ਟੀਐਸਪੀਐਲ ਦੇ ਕੰਮਕਾਜ ’ਚ ਰੁਕਾਵਟ ਪਾਉਣ ਵਾਲਿਆਂ ਖਿਲਾਫ ਸਖਤ ਕਦਮ ਚੁੱਕਣ ਦੀ ਪਹਿਲਕਦਮੀ ਕੀਤੀ ਗਈ ਹੈ।