ਸੂਬੇ ਦੇ ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ: MLA ਰੁਪਿੰਦਰ ਸਿੰਘ ਹੈਪੀ
ਦੀਦਾਰ ਗੁਰਨਾ
* ਹਲਕਾ ਵਿਧਾਇਕ ਨੇ ਸਰਕਾਰੀ ਐਲੀਮੈਂਟਰੀ ਸਕੂਲ, ਅਬਦੁੱਲਾਪੁਰ ਵਿਖੇ ਹੋਈ ਮਾਪੇ ਅਧਿਆਪਕ ਮਿਲਣੀ ਵਿੱਚ ਕੀਤੀ ਸ਼ਿਰਕਤ
* ਮਾਪੇ ਆਪਣੇ ਬੱਚਿਆਂ ਦੀ ਹਰੇਕ ਗਤੀਵਿਧੀ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਕੇ ਬੱਚਿਆਂ ਦੇ ਬੌਧਿਕ ਵਿਕਾਸ ਵਿੱਚ ਨਿਭਾਅ ਸਕਦੇ ਨੇ ਅਹਿਮ ਭੂਮਿਕਾ
ਬੱਸੀ ਪਠਾਣਾਂ/ ਫ਼ਤਹਿਗੜ੍ਹ ਸਾਹਿਬ, 29 ਮਾਰਚ 2025 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ-ਅੰਦੇਸ਼ੀ ਸੋਚ ਸਦਕਾ ਅੱਜ ਸੂਬੇ ਅੰਦਰ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ ਹਨ, ਜਿਸ ਸਦਕਾ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆ ਦੇ ਮਿਆਰ ਨੂੰ ਹੋਰ ਉਚਾਈਆਂ 'ਤੇ ਲੈਕੇ ਜਾਂਦਿਆਂ ਆਧੁਨਿਕ ਤਕਨੀਕ ਨਾਲ ਜੋੜ ਕੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਸਰਕਾਰੀ ਐਲੀਮੈਂਟਰੀ ਸਕੂਲ, ਅਬਦੁੱਲਾਪੁਰ ਵਿਖੇ ਹੋਈ ਮਾਪੇ ਅਧਿਆਪਕ ਮਿਲਣੀ ਵਿੱਚ ਸ਼ਿਰਕਤ ਕਰਨ ਮੌਕੇ ਕੀਤਾ।
ਹਲਕਾ ਵਿਧਾਇਕ ਨੇ ਕਿਹਾ ਕਿ ਮਾਪੇ ਅਧਿਆਪਕ ਮਿਲਣੀ ਸਰਕਾਰ ਦੀ ਇੱਕ ਅਜਿਹੀ ਪਹਿਲ ਹੈ, ਜਿਸ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰੀ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਨਹੀਂ ਹੁੰਦੀ ਸੀ, ਜਿਸ ਕਾਰਨ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਿੱਖਿਆ ਬਾਰੇ ਜ਼ਿਆਦਾ ਕੁਝ ਪਤਾ ਨਹੀਂ ਹੁੰਦਾ ਸੀ। ਪ੍ਰੰਤੂ ਹੁਣ ਮਾਪੇ ਆਪਣੇ ਬੱਚਿਆਂ ਦੀ ਹਰੇਕ ਗਤੀਵਿਧੀ ਬਾਰੇ ਪੂਰੀ ਜਾਣਕਾਰੀ ਹਾਸਲ ਕਰਕੇ ਆਪਣੇ ਬੱਚਿਆਂ ਦੇ ਬੌਧਿਕ ਵਿਕਾਸ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ।
ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿੱਖਿਆ ਤੇ ਸਿਹਤ ਦੇ ਖੇਤਰ ਨੂੰ ਹਮੇਸ਼ਾਂ ਅਣਗੌਲਿਆਂ ਕੀਤਾ, ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਇਤਿਹਾਸਕ ਫੈਸਲੇ ਕੀਤੇ ਹਨ।
ਹਲਕਾ ਵਿਧਾਇਕ ਨੇ ਕਿਹਾ ਕਿ ਕੋਈ ਸਮਾਂ ਸੀ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀ ਥਾਂ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾਉਣ ਨੂੰ ਪਹਿਲ ਦਿੰਦੇ ਸਨ ਪ੍ਰੰਤੂ ਜਦੋਂ ਤੋਂ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਸਿੱਖਿਆ ਦੇ ਖੇਤਰ ਨੂੰ ਉੱਚਾ ਚੁੱਕਣ ਲਈ ਕੀਤੇ ਗਏ ਉਪਰਾਲਿਆਂ ਸਦਕਾ ਅੱਜ ਕਈ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈ ਰਹੇ ਹਨ, ਜਿਸ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਵਿੱਚ ਵੱਡਾ ਬਦਲਾਅ ਆਇਆ ਹੈ।
ਸਕੂਲ ਆਫ ਐਮੀਨੈਂਸ ਦੇ ਰੂਪ ਵਿਚ ਸਰਕਾਰ ਨੇ ਵਿਲੱਖਣ ਪਹਿਲ ਕਦਮੀ ਕੀਤੀ ਹੈ, ਜਿਥੇ ਵਿਦਿਆਰਥੀਆਂ ਨੂੰ ਆਧੁਨਿਕ ਢੰਗ ਤਰੀਕਿਆਂ ਨਾਲ ਪੜ੍ਹਾਈ ਕਰਵਾਈ ਜਾ ਰਹੀ ਹੈ ਤੇ ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ ਆਧੁਨਿਕ ਸਾਜੋ ਸਮਾਨ, ਸ਼ਾਨਦਾਰ ਖੇਡ ਮੈਦਾਨ, ਸਾਇੰਸ ਲੈਬ ਤੇ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।