'ਯੁੱਧ ਨਸ਼ਿਆਂ ਵਿਰੁੱਧ' ਤਹਿਤ ਪਟਿਆਲਾ ਪੁਲਿਸ ਨੇ ਜ਼ਿਲ੍ਹੇ 'ਚ ਚਲਾਇਆ ਕਾਸੋ ਆਪ੍ਰੇਸ਼ਨ
- ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਤਲਾਸ਼ੀ ਮੁਹਿੰਮ ਦੀ ਕੀਤੀ ਅਗਵਾਈ
- ਪਟਿਆਲਾ ਜ਼ਿਲ੍ਹੇ 'ਚ ਇੱਕੋ ਸਮੇਂ 23 ਥਾਵਾਂ 'ਤੇ ਚੱਲੀ ਤਲਾਸ਼ੀ ਮੁਹਿੰਮ : ਐਸ.ਐਸ.ਪੀ.
- 7 ਐਫ.ਆਈ.ਆਰ ਦਰਜ, 8 ਵਿਅਕਤੀ ਗ੍ਰਿਫ਼ਤਾਰ, 28 ਵਿਅਕਤੀ ਕੀਤੇ ਰਾਊਂਡ ਅੱਪ
ਪਟਿਆਲਾ, 29 ਮਾਰਚ 2025 - ਪਟਿਆਲਾ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਭਰ 'ਚ 23 ਥਾਵਾਂ 'ਤੇ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਕਾਸੋ) ਚਲਾਈ ਗਈ। 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਚਲਾਈ ਇਸ ਮੁਹਿੰਮ ਦੀ ਅਗਵਾਈ ਕਰਦਿਆਂ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਡੀ.ਜੀ.ਪੀ. ਗੌਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਸੂਬੇ 'ਚੋਂ ਨਸ਼ਿਆਂ ਦੀ ਖ਼ਾਤਮੇ ਲਈ ਵਿੱਢੀ ਲੜਾਈ ਤਹਿਤ ਅੱਜ ਪਟਿਆਲਾ ਜ਼ਿਲ੍ਹੇ ਦੀ ਹਰੇਕ ਸਬ ਡਵੀਜ਼ਨ ਅੰਦਰ ਕਾਸੋ ਆਪ੍ਰੇਸ਼ਨ ਚਲਾਇਆ ਗਿਆ ਹੈ।
ਡਾ. ਨਾਨਕ ਸਿੰਘ ਨੇ ਦੱਸਿਆ ਕਿ ਸ਼ੱਕੀ ਸਥਾਨਾਂ 'ਤੇ ਪੁਲਿਸ ਵੱਲੋਂ ਰਾਤ ਦੀ ਗਸ਼ਤ ਵਧਾਈ ਗਈ ਹੈ ਤੇ ਸਮੇਂ ਸਮੇਂ 'ਤੇ ਕਾਸੋ ਤੇ ਆਪ੍ਰੇਸ਼ਨ ਸੀਲ ਤਹਿਤ ਵੱਡੀ ਪੱਧਰ 'ਤੇ ਤਲਾਸ਼ੀ ਮੁਹਿੰਮ ਵੀ ਚਲਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਪਟਿਆਲਾ ਸ਼ਹਿਰ ਵਿੱਚ ਦੋ ਥਾਵਾਂ ਸਮੇਤ ਜ਼ਿਲ੍ਹੇ ਦੀਆਂ ਸਾਰੀਆਂ ਸਬ-ਡਵੀਜ਼ਨਾਂ 'ਚ ਜੰਗੀ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ।
ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਅੱਜ 'ਯੁੱਧ ਨਸ਼ਿਆਂ ਵਿਰੁੱਧ' ਚਲਾਈ ਗਈ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਜ਼ਿਲ੍ਹੇ 'ਚ 23 ਦੇ ਕਰੀਬ ਸ਼ੱਕੀ ਥਾਵਾਂ 'ਤੇ ਤਲਾਸ਼ੀ ਕੀਤੀ ਗਈ ਹੈ ਤੇ 7 ਐਫ.ਆਈ.ਆਰਜ਼ ਦਰਜ਼ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ 1269 ਨਸ਼ੀਲੀਆਂ ਗੋਲੀਆਂ, 10 ਗ੍ਰਾਮ ਪਾਊਡਰ, 20 ਲੀਟਰ ਲਾਹਣ ਸਮੇਤ ਦੇਸੀ ਸ਼ਰਾਬ ਫੜੀ ਗਈ ਹੈ। ਉਨ੍ਹਾਂ ਦੱਸਿਆ ਕਿ 28 ਵਿਅਕਤੀਆਂ ਨੂੰ ਰਾਊਂਡ ਅੱਪ ਵੀ ਕੀਤਾ ਗਿਆ ਹੈ।
ਇਸ ਦੌਰਾਨ ਐਸ.ਪੀ. ਵੈਭਵ ਚੌਧਰੀ, ਐਸ.ਪੀ. ਯੋਗੇਸ਼ ਕੁਮਾਰ, ਡੀ.ਐਸ.ਪੀ. ਮਨੋਜ ਗੋਰਸੀ, ਡੀ.ਐਸ.ਪੀ. ਸਤਨਾਮ ਸਿੰਘ ਸੰਧੂ ਤੋਂ ਇਲਾਵਾ ਬਾਕੀ ਸਬ-ਡਵੀਜ਼ਨਾਂ ਵਿਖੇ ਡੀ.ਐਸ.ਪੀਜ਼ ਤੇ ਹੋਰ ਅਧਿਕਾਰੀਆਂ ਨੇ ਤਲਾਸ਼ੀ ਮੁਹਿੰਮ ਦੀ ਕਮਾਨ ਸੰਭਾਲੀ।