ਓਪਰੇਸ਼ਨ ਕਾਸੋ: ਏ.ਡੀ.ਜੀ.ਪੀ. ਨਰੇਸ਼ ਅਰੋੜਾ ਦੀ ਨਿਗਰਾਨੀ ‘ਚ ਚੱਲੀ ਸਰਚ
- ਨਸ਼ੇ ਸਮਾਜਿਕ ਬੁਰਾਈ, ਲੋਕਾਂ ਦੇ ਸਹਿਯੋਗ ਨਾਲ ਖਾਤਮਾ ਸੰਭਵ : ਏ.ਡੀ.ਜੀ.ਪੀ. ਨਰੇਸ਼ ਅਰੋੜਾ
- ਆਪ੍ਰੇਸ਼ਨ ਦੌਰਾਨ 600 ਤੋਂ ਵੱਧ ਪੁਲਿਸ ਮੁਲਾਜ਼ਮਾਂ ਵੱਲੋਂ 34 ਥਾਵਾਂ ‘ਤੇ ਕੀਤੀ ਸਰਚ
- 6 ਮਾਮਲੇ ਦਰਜ, 10 ਮੁਲਜ਼ਮ ਗ੍ਰਿਫਤਾਰ, 270 ਗ੍ਰਾਮ ਹੈਰੋਇਨ, 2060 ਨਸ਼ੀਲੀਆਂ ਗੋਲੀਆਂ, 78000 ਮਿਲੀਲਿਟਰ ਨਾਜਾਇਜ਼ ਸ਼ਰਾਬ ਬਰਾਮਦ
- ‘ਯੁੱਧ ਨਸ਼ਿਆਂ ਵਿਰੁੱਧ’—ਨਸ਼ਾ ਸਮਗਲਰਾਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ, ਨਸ਼ਿਆਂ ‘ਚ ਫਸੇ ਵਿਅਕਤੀਆਂ ਦਾ ਹੋਵੇਗਾ ਇਲਾਜ : ਸੰਦੀਪ ਕੁਮਾਰ ਮਲਿਕ
ਹੁਸ਼ਿਆਰਪੁਰ, 29 ਮਾਰਚ 2025: ਪੰਜਾਬ ਸਰਕਾਰ ਵੱਲੋਂ ਇੱਕ ਮਾਰਚ ਤੋਂ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਜ਼ਿਲੇ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ (ਮਨੁੱਖੀ ਅਧਿਕਾਰ) ਨਰੇਸ਼ ਅਰੋੜਾ ਦੀ ਨਿਗਰਾਨੀ ਅਤੇ ਐਸ. ਐਸ.ਪੀ. ਸੰਦੀਪ ਕੁਮਾਰ ਮਲਿਕ ਦੀ ਅਗਵਾਈ ਵਿਚ ਕਾਸੋ ਆਪ੍ਰੇਸ਼ਨ ਚਲਾਇਆ ਗਿਆ ਜਿਸ ਦੌਰਾਨ 600 ਤੋਂ ਵੱਧ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਨੇ 34 ਥਾਵਾਂ ‘ਤੇ ਸਰਚ ਕਰਕੇ ਲੋੜੀਂਦੀ ਕਾਰਵਾਈ ਕੀਤੀ।
ਏ.ਡੀ.ਜੀ.ਪੀ. ਨਰੇਸ਼ ਅਰੋੜਾ ਨੇ ਸ਼ਹਿਰੀ ਖੇਤਰਾਂ ਵਿਚ ਸਰਚ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਗੌਰਵ ਯਾਦਵ ਦੇ ਨਿਰਦੇਸ਼ਾ ’ਤੇ ਸੂਬੇ ਭਰ ਵਿਚ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਚਲਾਏ ਗਏ ਓਪਰੇਸ਼ਨ ਕਾਸੋ ਅਧੀਨ ਸਰਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਇੱਕ ਸਮਾਜਿਕ ਸਮੱਸਿਆ ਹੈ ਜਿਸ ਨੂੰ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਲੋਕਾਂ ਖ਼ਾਸਕਰ ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ ਬਹੁਤ ਅਹਿਮ ਹੈ ਜੋ ਸਮੇਂ-ਸਮੇਂ ‘ਤੇ ਸੇਧ ਦੇ ਕੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨਸ਼ਾ ਸਮੱਗਲਰਾਂ ਖਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਉਣ ਦੇ ਨਾਲ-ਨਾਲ ਨਸ਼ਿਆਂ ਦੇ ਆਦੀ ਹੋ ਚੁੱਕੇ ਵਿਅਕਤੀਆਂ ਦਾ ਨਸ਼ਾ ਛੁਡਾਉਣ ਅਤੇ ਮੁੜ ਵਸੇਬੇ ਲਈ ਵੀ ਪੁਰਜ਼ੋਰ ਯਤਨ ਕਰ ਰਿਹਾ ਹੈ ਤਾਂ ਜੋ ਇਨ੍ਹਾਂ ਵਿਅਕਤੀਆਂ ਨੂੰ ਚੰਗੇ ਅਤੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਨਸ਼ਾ ਸਮਗਲਰਾਂ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਪੂਰੀ ਸਖਤੀ ਨਾਲ ਨਜਿੱਠਿਆ ਜਾਵੇਗਾ ਜਿਸ ਲਈ ਨਸ਼ਿਆਂ ਦੇ ਹੋਟਸਪੋਟ ਖੇਤਰਾਂ ਵਿਚ ਵਿਸ਼ੇਸ਼ ਸਰਚ ਕੀਤੀ ਜਾ ਰਹੀ ਹੈ।
ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਓਪਰੇਸ਼ਨ ਕਾਸੋ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 600 ਤੋਂ ਵੱਧ ਗਿਣਤੀ ਵਾਲੀਆਂ ਪੁਲਿਸ ਟੀਮਾਂ ਵੱਲੋਂ ਜ਼ਿਲੇ ਵਿਚ 34 ਥਾਵਾਂ ‘ਤੇ ਸਰਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਰਚ ਦੌਰਾਨ ਐਨ. ਡੀ.ਪੀ. ਐਸ. ਐਕਟ ਅਤੇ ਐਕਸਾਈਜ ਐਕਟ ਤਹਿਤ 06 ਮਾਮਲੇ ਦਰਜ ਕਰਕੇ 10 ਮੁਲਜ਼ਮ ਨੂੰ ਗ੍ਰਿਫਤਾਰ ਕਰਦਿਆਂ 270 ਗ੍ਰਾਮ ਹੈਰੋਇਨ, 2060 ਨਸ਼ੀਲੀਆਂ ਗੋਲੀਆਂ ਅਤੇ 78000 ਮਿਲੀਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਪੁਲਿਸ ਵਲੋਂ ਪਿਛਲੇ ਸਮਿਆਂ ਦੌਰਾਨ ਨਸ਼ਾ ਸਮਗਲਰਾਂ ਦੀ ਨਸ਼ੇ ਵੇਚ ਕੇ ਬਣਾਈ ਗਈ 25 ਕਰੋੜ ਰੁਪਏ ਤੋਂ ਵੱਧ ਦੀ ਨਾਜਾਇਜ਼ ਜਾਇਦਾਦ ਨੂੰ ਅਟੈਚ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਨਸ਼ਿਆਂ ਦਾ ਧੰਦਾ ਕਰਦੇ ਅਨਸਰਾਂ ਖਿਲਾਫ਼ ਪੂਰੀ ਸਖਤੀ ਵਰਤਦਿਆਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।