ਸਕੂਲਾਂ ਦੇ ਬੁਨਿਆਦੀ ਢਾਂਚੇ ਦਾ ਹੋ ਰਿਹਾ ਹੈ ਵਿਕਾਸ - ਵਿਧਾਇਕ ਜਗਦੀਪ ਕੰਬੋਜ ਗੋਲਡੀ
- ਸਰਕਾਰੀ ਕੰਨਿਆ ਪ੍ਰਾਈਮਰੀ ਸਕੂਲ ਜਲਾਲਾਬਾਦ ਵਿੱਚ ਕਮਰੇ ਦਾ ਕੀਤਾ ਉਦਘਾਟਨ
ਜਲਾਲਾਬਾਦ 29 ਮਾਰਚ
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਕੂਲਾਂ ਦੇ ਬੁਨਿਆਦੀ ਢਾਂਚੇ ਦਾ ਵੱਡੇ ਪੱਧਰ ਤੇ ਵਿਕਾਸ ਕੀਤਾ ਜਾ ਰਿਹਾ ਹੈ। ਇਹ ਗੱਲ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਅੱਜ ਇਥੋਂ ਦੇ ਸਰਕਾਰੀ ਕੰਨਿਆਂ ਪ੍ਰਾਈਮਰੀ ਸਕੂਲ ਵਿੱਚ ਇੱਕ ਨਵੇਂ ਬਣੇ ਕਮਰੇ ਦਾ ਉਦਘਾਟਨ ਕਰਨ ਮੌਕੇ ਆਖੀ। ਇਸ ਕਮਰੇ ਦੇ ਨਿਰਮਾਣ 7.51 ਲੱਖ ਰੁਪਏ ਦੀ ਲਾਗਤ ਆਈ ਹੈ।
ਵਿਧਾਇਕ ਨੇ ਆਖਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਵੱਡੀ ਪੱਧਰ ਤੇ ਸਕੂਲਾਂ ਨੂੰ ਨਵੇਂ ਕਲਾਸ ਰੂਮ ਬਣਾਏ ਜਾਣ ਲਈ ਗਰਾਂਟਾਂ ਦਿੱਤੀਆਂ ਗਈਆਂ ਹਨ, ਉੱਥੇ ਹੀ ਸਕੂਲਾਂ ਦੀਆਂ ਚਾਰ ਦਵਾਰੀਆਂ ਵੀ ਵੱਡੇ ਪੱਧਰ ਤੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਸਿੱਖਿਆ ਸੁਧਾਰ ਪੰਜਾਬ ਸਰਕਾਰ ਦਾ ਮੁੱਖ ਟੀਚਾ ਹੈ। ਉਹਨਾਂ ਆਖਿਆ ਕਿ ਜਦ ਸਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇਗੀ ਤਾਂ ਉਹ ਇੱਕ ਸਮਰੱਥ ਨਾਗਰਿਕ ਵਜੋਂ ਵੱਡੇ ਹੋ ਕੇ ਦੇਸ਼ ਦਾ ਨਾਂ ਰੌਸ਼ਨ ਕਰਨਗੇ । ਇਸ ਮੌਕੇ ਉਹਨਾਂ ਨੇ ਸਕੂਲ ਸਟਾਫ ਅਤੇ ਇਲਾਕਾ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪ੍ਰਾਇਮਰੀ ਸਕੂਲ ਸਿੱਖਿਆ ਦਾ ਆਧਾਰ ਸਤੰਭ ਹਨ ਅਤੇ ਬੱਚਿਆਂ ਨੂੰ ਬਿਹਤਰ ਸਿੱਖਿਆ ਦਿੱਤੀ ਜਾਵੇ।