ਸਿੱਖਿਆ ਦੇ ਖੇਤਰ ਵਿੱਚ ਹੋਰ ਸੁਧਾਰ ਲਿਆਉਣ ਵਿੱਚ ਸਹਾਈ ਹੋਵੇਗੀ ਮੈਗਾ ਪੀਟੀਐਮ-ਵਿਧਾਇਕ ਜਗਦੀਪ ਕੰਬੋਜ ਗੋਲਡੀ
ਹਲਕਾ ਵਿਧਾਇਕ ਨੇ ਸਰਕਾਰੀ ਪ੍ਰਾਈਮਰੀ ਸਕੂਲ ਜਲਾਲਾਬਾਦ ਵਿਖੇ ਮੈਗਾ ਪੀਟੀਐਮ ਵਿੱਚ ਕੀਤੀ ਸ਼ਿਰਕਤ
-ਕਿਹਾ ਜਲਾਲਾਬਾਦ ਅਜਿਹਾ ਹਲਕਾ ਜਿਸ ਵਿਚ ਸਰਕਾਰ ਨੇ ਬਣਾਏ ਦੋ ਸਕੂਲ ਆਫ ਐਮੀਨੈਂਸ
ਜਲਾਲਾਬਾਦ, 29 ਮਾਰਚ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸਿੱਖਿਆ ਕ੍ਰਾਂਤੀ ਨਵੇਂ ਪੰਜਾਬ ਦੀ ਸਿਰਜਣਾਂ ਲਈ ਨੀਂਹ ਤਿਆਰ ਕਰ ਰਹੀ ਹੈ। ਇਸੇ ਲੜੀ ਵਿਚ ਅੱਜ ਸਰਕਾਰੀ ਸਕੂਲਾਂ ਵਿਚ ਮੇਗਾ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਇਸ ਦੌਰਾਨ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਜਲਾਲਾਬਾਦ ਦੇ ਸਰਕਾਰੀ ਕੰਨਿਆ ਪ੍ਰਾਈਮਰੀ ਸਕੂਲ ਦਾ ਦੌਰਾ ਕਰਕੇ ਮੇਗਾ ਪੀਟੀਐਮ ਵਿਚ ਸ਼ਿਰਕਤ ਕੀਤੀ ਅਤੇ ਮਾਪਿਆਂ ਅਤੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ।
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਮੈਗਾ ਪੀਟੀਐਮ ਦਾ ਮਕਸਦ ਮਾਪਿਆਂ ਨੂੰ ਨੇੜੇ ਤੋਂ ਜਿੱਥੇ ਸਰਕਾਰੀ ਸਕੂਲਾਂ ਦੀ ਕਾਰਜਸ਼ੈਲੀ ਤੋਂ ਜਾਣੂੰ ਕਰਾਉਣਾ ਹੈ ਉਥੇ ਹੀ ਸਿੱਖਿਆ ਦੇ ਖੇਤਰ 'ਚ ਹੋਰ ਸੁਧਾਰ ਲਈ ਮਾਪਿਆਂ ਦਾ ਸੁਝਾਅ ਜਾਣਨਾ ਵੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਮੈਗਾ ਪੇਰੈਂਟਸ ਟੀਚਰ ਮੀਟਿੰਗ ਆਯੋਜਿਤ ਕਰਨ ਦਾ ਕੀਤਾ ਗਿਆ ਫੈਸਲਾ ਸ਼ਲਾਘਾਯੋਗ ਹੈ ਜਿਸ ਦਾ ਵੱਡੇ ਪੱਧਰ ਤੇ ਵਿਦਿਆਰਥੀਆਂ ਨੂੰ ਲਾਭ ਪਹੁੰਚੇਗਾ। ਉਨ੍ਹਾਂ ਨੇ ਕਿਹਾ ਕਿ ਜਲਾਲਾਬਾਦ ਪੰਜਾਬ ਦਾ ਅਜਿਹਾ ਹਲਕਾ ਹੈ ਜਿੱਥੇ ਸਰਕਾਰ ਨੇ ਦੋ ਸਕੂਲ ਆਫ ਐਮੀਨੈਂਸ ਬਣਾਏ ਹਨ।
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਅੱਜ ਸਰਕਾਰੀ ਸਕੂਲਾਂ ਵਿੱਚ ਵੀ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਤਰਜ਼ 'ਤੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਸਦਾ ਲਾਭ ਮਿਲ ਰਿਹਾ ਹੈ। ਉਹ ਸਿਰਫ਼ ਆਪਣੇ ਦੇਸ਼ ਦੇ ਵਿਦਿਆਰਥੀਆਂ ਨਾਲ ਹੀ ਨਹੀਂ ਸਗੋਂ ਦੁਨੀਆ ਦੇ ਦੂਜੇ ਦੇਸ਼ਾਂ ਦੇ ਵਿਦਿਆਰਥੀਆਂ ਨਾਲ ਵੀ ਮੁਕਾਬਲਾ ਕਰ ਰਹੇ ਹਨ। ਇਸ ਤੋਂ ਇਲਾਵਾ ਸਕੂਲਾਂ ਵਿੱਚ ਪਹਿਲੀ ਵਾਰ ਸੁਰੱਖਿਆ ਗਾਰਡ ਅਤੇ ਬੱਸ ਸਹੂਲਤ ਸ਼ੁਰੂ ਕੀਤੀ ਗਈ ਹੈ। ਵਿਦਿਆਰਥੀਆਂ ਨੂੰ ਵਰਦੀਆਂ ਅਤੇ ਕਿਤਾਬਾਂ ਸਮੇਂ ਸਿਰ ਵੰਡੀਆਂ ਜਾ ਰਹੀਆਂ ਹਨ।
ਵਿਧਾਇਕ ਨੇ ਕਿਹਾ ਕਿ ਇਹ ਮੀਟਿੰਗ ਬਹੁਤ ਮਹੱਤਵਪੂਰਨ ਹੈ। ਇਸ ਦੌਰਾਨ ਮਾਪਿਆਂ ਨੂੰ ਬੱਚਿਆਂ ਦੇ ਗੁਣਾਂ ਬਾਰੇ ਦੱਸਿਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਕਮੀਆਂ ਨੂੰ ਸੁਧਾਰਨ 'ਤੇ ਵੀ ਚਰਚਾ ਹੁੰਦੀ ਹੈ। ਅਧਿਆਪਕ ਮਾਪਿਆਂ ਨੂੰ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਮਾਪਿਆਂ ਨੂੰ ਜਾਣੂ ਕਰਵਾਇਆ ਜਾਂਦਾ ਹੈ ਨਾਲ ਹੀ ਸਕੂਲਾਂ ਦੇ ਸੁਧਾਰ ਲਈ ਉਨ੍ਹਾਂ ਦੀ ਫੀਡਬੈਕ ਲਈ ਜਾਂਦੀ ਹੈ।