66 ਕੇਵੀ ਲਾਈਨ ਦਾ ਕਰੰਟ ਲੱਗਣ ਕਾਰਨ 9 ਸਾਲਾ ਬੱਚਾ ਝੁਲਸਿਆ
ਰਾਜੂ ਗੁਪਤਾ
ਜਲੰਧਰ, 29 ਮਾਰਚ 2025 : ਗੁਰੂ ਨਾਨਕਪੁਰਾ ਵੈਸਟ ਵਿਖੇ 66 ਕੇਵੀ ਲਾਈਨ ਦੇ ਕਰੰਟ ਨਾਲ 9 ਸਾਲਾ ਬੱਚਾ ਭਿਆਨਕ ਤਰੀਕੇ ਨਾਲ ਝੁਲਸ ਗਿਆ। ਇਹ ਹਾਦਸਾ ਸ਼ਨੀਵਾਰ ਨੂੰ ਪਾਰਕ ਵਿੱਚ ਖੇਡਦੇ ਹੋਏ ਵਾਪਰਿਆ, ਜਦ ਬੱਚੇ ਨੇ 66 ਕੇਵੀ ਲਾਈਨ 'ਤੇ ਇੱਕ ਰੱਸੀ ਨਾਲ ਬੰਨ੍ਹਿਆ ਪੱਥਰ ਸੁੱਟਿਆ। ਇਸ ਕਾਰਨ ਬਿਜਲੀ ਦੀ ਤੀਬਰ ਚਮਕ ਹੋਈ ਅਤੇ ਉਸ ਦੇ ਸਰੀਰ ਨੂੰ ਅੱਗ ਲੱਗ ਗਈ।
ਹਾਦਸੇ ਦੀ ਤਸਦੀਕ ਸੀਸੀਟੀਵੀ ਫੁਟੇਜ਼ ਰਾਹੀਂ ਹੋ ਚੁੱਕੀ ਹੈ। ਪੀੜਤ ਬੱਚਾ ਆਰਵ, ਜੋ ਕਿ ਤੀਜੀ ਜਮਾਤ ਦਾ ਵਿਦਿਆਰਥੀ ਹੈ, ਦੀ ਹਾਲਤ ਗੰਭੀਰ ਬਣੀ ਹੋਈ ਹੈ। ਆਰਵ ਦੇ ਨਾਨਾ ਹਰੀ ਸਿੰਘ ਨੇ ਦੱਸਿਆ ਕਿ ਆਰਵ ਸ਼ਾਮ 4 ਵਜੇ ਆਪਣੇ ਸਾਥੀਆਂ ਨਾਲ ਪਾਰਕ ਵਿੱਚ ਖੇਡ ਰਿਹਾ ਸੀ। ਉਨ੍ਹਾਂ ਮੁਤਾਬਕ, ਉਸ ਨੇ ਇੱਕ ਪਲਾਸਟਿਕ ਦੀ ਚੀਜ਼ ਉੱਚੀ ਸੁੱਟੀ ਤੇ ਅਚਾਨਕ ਉਸ ਨੂੰ ਬਿਜਲੀ ਪੈ ਗਈ l ਸਿਵਲ ਹਸਪਤਾਲ ਵਿਖੇ ਇਲਾਜ ਮਗਰੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।