ਨਿਜੀ ਸਕੂਲ ਦੀ ਵਿਦਿਆਰਥੀ ਨੇ ਪ੍ਰੀਖਿਆ ਨਿਗਰਾਨ 'ਤੇ ਲਗਾਇਆ ਤਲਾਸ਼ੀ ਦੌਰਾਨ ਜਿਸਮਾਨੀ ਛੇੜਛਾੜ ਦਾ ਦੋਸ਼
ਨਿਗਰਾਨ ਦੇ ਹੱਕ ਵਿੱਚ ਆਏ ਅਧਿਆਪਕਾਂ ਨੇ ਕਿਹਾ ਨਿਜੀ ਸਕੂਲ ਸੰਚਾਲਕ ਨਕਲ ਮਰਵਾਉਣ ਤੋਂ ਰੋਕਣ ਕਾਰਨ ਲਗਾ ਰਹੇ ਦੋਸ਼
ਰੋਹਿਤ ਗੁਪਤਾ
ਗੁਰਦਾਸਪੁਰ : ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਨੇੜੇ ਸਥਿਤ ਡੀਏਵੀ ਸਕੂਲ ਵਿੱਚ ਚੱਲ ਰਹੀਆਂ ਬਾਰਵੀਂ ਦੀਆਂ ਪ੍ਰੀਖਿਆਵਾਂ ਦੌਰਾਨ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰੀਖਿਆ ਨਿਗਰਾਨ ਵਿਚਾਲੇ ਖਾਸਾ ਵਿਵਾਦ ਹੋ ਗਿਆ । ਜਿੱਥੇ ਪ੍ਰੀਖਿਆ ਨਿਗਰਾਨ ਅਤੇ ਨਿਰੀਖਿਅਕ ਦੋਸ਼ ਲਗਾ ਰਹੇ ਹਨ ਕਿ ਇਸ ਨਿੱਜੀ ਸਕੂਲ ਦਾ ਡੀਏਵੀ ਸਕੂਲ ਵਿੱਚ ਸੈਂਟਰ ਬਣਿਆ ਸੀ ਅਤੇ ਉਸ ਸਕੂਲ ਦੇ ਵਿਦਿਆਰਥੀ ਇੱਥੇ ਪ੍ਰੀਖਿਆ ਦੇ ਰਹੇ ਸਨ। ਨਿਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਪ੍ਰੀਖਿਆ ਕੇਂਦਰ ਦੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਜੋ ਆਪਣੇ ਵਿਦਿਆਰਥੀਆਂ ਨੂੰ ਨਕਲ ਕਰਵਾ ਸਕੇ ਪਰ ਜਦੋਂ ਮਨਜੀਤ ਸਿੰਘ ਨਾਮ ਦੇ ਅਧਿਆਪਕ ਵੱਲੋਂ ਉਸ ਨੂੰ ਅੰਦਰ ਆਉਣ ਤੋਂ ਰੋਕਿਆ ਗਿਆ ਤਾਂ ਉਸਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਰੋਸ਼ ਵਜੋਂ ਸਾਰੇ ਅਧਿਆਪਕ ਇਕੱਠੇ ਹੋ ਕੇ ਥਾਣਾ ਸਿਟੀ ਗੁਰਦਾਸਪੁਰ ਵਿੱਚ ਪਹੁੰਚੇ ਅਤੇ ਇਸ ਨਿਜੀ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਮਹਾਜਨ ਖਿਲਾਫ ਸ਼ਿਕਾਇਤ ਦਿੱਤੀ।
ਉੱਥੇ ਹੀ ਨਿਜੀ ਸਕੂਲ ਦੇ ਅਧਿਆਪਕ ਜਤਿੰਦਰ ਮਹਾਜਨ ਨੇ ਕਿਹਾ ਹੈ ਕਿ ਸਕੂਲ ਦੇ ਇੱਕ ਪੁਰਸ਼ ਵਿਦਿਆਰਥੀ ਨੇ ਦੋਸ਼ ਲਗਾਇਆ ਹੈ ਕਿ ਅਧਿਆਪਕ ਮਨਜੀਤ ਸਿੰਘ ਵੱਲੋਂ ਉਸ ਨਾਲ ਤਲਾਸ਼ੀ ਦੇ ਨਾਂ ਤੇ ਜਿਸਮਾਨੀ ਛੇੜਛਾੜ ਕੀਤੀ ਗਈ ਹੈ, ਜਿਸ ਕਾਰਨ ਉਹ ਬੇਇਜ਼ਤੀ ਮਹਿਸੂਸ ਕਰ ਰਿਹਾ ਹੈ। ਜਿਸ ਦੀ ਸ਼ਿਕਾਇਤ ਥਾਨਾ ਸਿਟੀ ਪੁਲਿਸ ਨੂੰ ਕੀਤੀ ਗਈ ਹੈ।
ਉੱਥੇ ਹੀ ਥਾਨਾ ਸਿਟੀ ਪੁਲਿਸ ਦੇ ਐਸ ਐਚ ਓ ਦਵਿੰਦਰ ਪ੍ਰਕਾਸ਼ ਨੇ ਕਿਹਾ ਕਿ ਦੋਹਾਂ ਧਿਰਾਂ ਵੱਲੋਂ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ। ਜੋ ਵੀ ਤੱਥ ਜਾਂਚ ਦੌਰਾਨ ਸਾਹਮਣੇ ਆਣਗੇ ਉਸੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।