"ਯੁੱਧ ਨਸ਼ਿਆਂ ਵਿਰੁੱਧ": ਮੋਗਾ ਪੁਲਿਸ ਵੱਲੋਂ 4 ਵਿਅਕਤੀਆਂ ਦੇ ਖਿਲਾਫ ਮੁਕੱਦਮੇ ਦਰਜ ਕਰਕੇ, ਨਸ਼ਿਆਂ ਦੀ ਕੀਤੀ ਬਰਾਮਦਗੀ
ਮੋਗਾ, 27 ਮਾਰਚ 2025- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਮੋਗਾ ਪੁਲਿਸ ਵੱਲੋਂ ਵੀ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ ਅਤੇ ਸ੍ਰੀ ਅਜੇ ਗਾਂਧੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸੇ ਲੜੀ ਦੇ ਤਹਿਤ ਮੋਗਾ ਪੁਲਿਸ ਵੱਲੋਂ ਦਿਨ ਬੁੱਧਵਾਰ 26 ਮਾਰਚ 2025 ਨੂੰ ਵੱਖ-ਵੱਖ 04 ਵਿਅਕਤੀਆਂ ਦੇ ਖਿਲਾਫ 04 ਮੁਕੱਦਮੇ ਦਰਜ ਰਜਿਸਟਰ ਕੀਤੇ ਗਏ। ਗ੍ਰਿਫਤਾਰ ਦੋਸ਼ੀਆਂ ਪਾਸੋਂ 24 ਗ੍ਰਾਮ ਹੈਰੋਇਨ, 60 ਕਿਲੋਗ੍ਰਾਮ ਡੋਡੇ ਪੋਸਤ ਅਤੇ 50 ਬੂਟੇ ਪੋਸਤ ਦੇ (ਡੋਡੇ ਅਤੇ ਫੁੱਲ ਲੱਗੇ ਹੋਏ) ਸਮੇਤ 2800 ਰੁਪਏ ਡਰੱਗ ਮਨੀ ਬਰਾਮਦ ਕੀਤੇ ਗਏ ਹਨ।
ਮੋਗਾ ਪੁਲਿਸ ਵੱਲੋਂ ਜਿਨ੍ਹਾਂ ਵਿਅਕਤੀਆਂ ਤੇ ਮੁਕੱਦਮੇ ਦਰਜ ਰਜਿਸਟਰਡ ਕੀਤੇ ਗਏ ਉਨ੍ਹਾਂ ਵਿਅਕਤੀਆਂ ਵਿੱਚ ਸਤਪਾਲ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪੱਤੀ ਬਾਬਾ ਜੀਵਨ ਸਿੰਘ ਤਲਵੰਡੀ ਮੱਲੀਆਂ ਜ਼ਿਲ੍ਹਾ ਮੋਗਾ, ਕਰਮਜੀਤ ਸਿੰਘ ਉਰਫ ਸਾਹਿਲ ਪੁੱਤਰ ਕੁਲਵੀਰ ਸਿੰਘ ਵਾਸੀ ਗਲੀ ਨੰਬਰ 09, ਲਾਲ ਸਿੰਘ ਰੋਡ ਮੋਗਾ, ਸੁਖਦੇਵ ਸਿੰਘ ਉਰਫ ਬਾਬਾ ਪੁੱਤਰ ਬਗੀਚਾ ਸਿੰਘ ਉਰਫ ਚੂੰਡੀ ਵਾਸੀ ਕੋਟ ਮੁਹੰਮਦ ਖਾਂ ਅਤੇ ਸੁਨੀਲ ਗੁਪਤਾ ਉਰਫ ਸੁਧੀਰ ਪੁੱਤਰ ਦਲੀਪ ਗੁਪਤਾ ਵਾਸੀ ਮੁਗਲੂ ਪੱਤੀ ਬਾਘਾਪੁਰਾਣਾ ਸ਼ਾਮਲ ਹਨ।
ਇਸ ਮੌਕੇ ਐਸ.ਐਸ.ਪੀ. ਮੋਗਾ ਨੇ ਦੱਸਿਆ ਕਿ ਮੋਗਾ ਪੁਲਿਸ ਦੀਆਂ ਨਸ਼ਿਆਂ ਖਿਲਾਫ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ। ਉਹਨਾਂ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਨਸ਼ਾ ਮੁਕਤ ਪੰਜਾਬ ਦੀ ਸਿਰਜਨਾ ਸਬੰਧੀ ਪੁਲਿਸ ਵਿਭਾਗ ਨੂੰ ਸਹਿਯੋਗ ਦੇਣ ਅਤੇ ਜੇਕਰ ਉਹਨਾਂ ਪਾਸ ਨਸ਼ਾ ਵੇਚਣ ਅਤੇ ਖਰੀਦਣ ਜਾਂ ਕਰਨ ਆਦਿ ਸਬੰਧੀ ਜਾਣਕਾਰੀ ਹੈ ਤਾਂ ਉਹ ਮੋਗਾ ਪੁਲਿਸ ਦੇ ਕੰਟਰੋਲ ਰੂਮ ਨੰਬਰ 96568-96568 ਜਾਂ ਸੇਫ ਪੰਜਾਬ ਹੈਲਪਲਾਈਨ ਨੰਬਰ 9779100200 ਉਪਰ ਸੂਚਿਤ ਕਰ ਸਕਦੇ ਹਨ, ਉਹਨਾਂ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ।
ਸ੍ਰੀ ਅਜੇ ਗਾਂਧੀ ਨੇ ਕਿਹਾ ਕਿ ਜਦੋਂ ਲੋਕ ਆਪਸੀ ਸਮਝ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਇਕੱਠੇ ਹੋ ਕੇ ਸਰਕਾਰ ਦੇ ਹੱਥ ਮਜ਼ਬੂਤ ਕਰਦੇ ਹਨ, ਤਾਂ ਅਜਿਹੀਆਂ ਮੁਹਿੰਮਾਂ ਦੀ ਸਫਲਤਾ ਹੋਰ ਵੀ ਯਕੀਨੀ ਹੋ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ, ਤਾਂ ਸਾਨੂੰ ਸਾਰਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਨਸ਼ਾ ਮੁਕਤ ਭਵਿੱਖ ਬਣਾਉਣ ਲਈ ਇਸ ਮਿਸ਼ਨ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।