'ਸੀਚੇਵਾਲ ਮਾਡਲ' 'ਤੇ ਫਿਰ ਹੋਈ ਦੋਵਾਂ ਧਿਰਾਂ ਚ ਗਰਮਾ-ਗਰਮੀ
ਚੰਡੀਗੜ੍ਹ, 27 ਮਾਰਚ 2025- ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ 'ਸੀਚੇਵਾਲ ਮਾਡਲ' ਨੂੰ ਲੈ ਕੇ ਮੈਂਬਰਾਂ ਵਿਚਾਲੇ ਤਿੱਖੀ ਬਹਿਸ ਹੋਣ ਕਾਰਨ ਮਾਹੌਲ ਭੱਖ ਗਿਆ। ਦਰਅਸਲ, ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਕੋਟਫੱਤਾ ਵੱਲੋਂ ਛੱਪੜਾਂ ਦੀ ਸਫ਼ਾਈ ਦਾ ਮੁੱਦਾ ਚੁੱਕਿਆ ਗਿਆ ਸੀ। ਜਿਸ ਦੇ ਜਵਾਬ ਵਿਚ ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਨੇ 'ਸੀਚੇਵਾਲ ਮਾਡਲ' ਦਾ ਜ਼ੀਕਰ ਕੀਤਾ। ਇਸ ਗੱਲ ਮਗਰੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉੱਠ ਖੜ੍ਹੇ ਤੇ ਪੁੱਛਿਆ ਕਿ ਕੀ ਸੀਚੇਵਾਲ ਸਾਹਿਬ ਕੋਈ ਇੰਜੀਨੀਅਰ ਹਨ?
ਉਨ੍ਹਾਂ ਕਿਹਾ ਕਿ ਤੁਹਾਡੇ ਕੋਲ ਥਾਪਰ ਇੰਜੀਨੀਅਰਿੰਗ ਇੰਸਟੀਚਿਊਟ ਹੈ, ਜੋ ਵਿਸ਼ਵ ਪ੍ਰਸਿੱਧ ਹੈ। ਤੁਹਾਡੇ ਕੋਲ PAC ਹੈ, ਸੀਚੇਵਾਲ ਕੌਣ ਹਨ? ਬਾਜਵਾ ਨੇ ਇਹ ਵੀ ਕਿਹਾ ਕਿ ਸੀਚੇਵਾਲ ਸਾਹਿਬ ਤਾਂ 'ਠੇਕੇਦਾਰ' ਹਨ। ਉਨ੍ਹਾਂ ਕਿਹਾ ਕਿ ਸੀਚੇਵਾਲ ਦਾ ਪ੍ਰਾਜੈਕਟ ਹਰ ਪਿੰਡ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕਿਆ ਹੈ।
ਇਸ 'ਤੇ ਵਿਧਾਨ ਸਭਾ ਸਪੀਕਰ ਨੇ ਪ੍ਰਤਾਪ ਬਾਜਵਾ ਨੂੰ ਸਲਾਹ ਦਿੱਤੀ ਕਿ ਇਕ ਵਾਰ ਸੁਲਤਾਨਪੁਰ ਲੋਧੀ ਜਾ ਕੇ ਆਉਣ ਅਤੇ ਸੰਤ ਸੀਚੇਵਾਲ ਵੱਲੋਂ ਕੀਤੇ ਕੰਮਾਂ ਨੂੰ ਸਮਝ ਕੇ ਆਉਣ। ਸੰਧਵਾਂ ਨੇ ਇਹ ਵੀ ਕਿਹਾ ਕਿ ਮੈਨੂੰ ਉਨ੍ਹਾਂ ਦੀ ਯੋਗਤਾ ਵਿਚ ਪੂਰਾ ਭਰੋਸਾ ਹੈ।
ਇਸ ਮਗਰੋਂ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪ੍ਰਤਾਪ ਬਾਜਵਾ ਨੂੰ ਕਿਹਾ ਕਿ ਸਾਇੰਸ ਕਿਸੇ ਦੀ ਗੁਲਾਮ ਨਹੀਂ ਹੈ। ਸਿਹਤ ਮੰਤਰੀ ਨੇ ਕਿਹਾ ਕਿ ਮੈਂ ਸਾਇੰਸ ਦਾ ਵਿਦਿਆਰਥੀ ਹਾਂ। ਮੈਂ ਸੰਤ ਬਲਬੀਰ ਸਿੰਘ ਦਾ ਮਾਡਲ ਵੇਖਿਆ ਹੈ, ਜੋ ਸਾਇੰਸ 'ਤੇ ਹੀ ਅਧਾਰਤ ਹੈ। ਉਨ੍ਹਾਂ ਕਿਹਾ ਕਿ ਸੀਚੇਵਾਲ ਮਾਡਲ ਦੇ ਅਧਾਰ 'ਤੇ ਹੀ ਥਾਪਰ ਮਾਡਲ ਬਣਿਆ ਹੈ। ਬਾਜਵਾ ਸਾਹਿਬ ਨੂੰ ਆਪਣੀਆਂ ਗੱਲਾਂ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।