ਗੁ: ਬੇਰ ਸਾਹਿਬ ਦੇਗਸਰ ਵਿਖੇ ਮੱਸਿਆ ਦਿਹਾੜੇ ਤੇ 65 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ
ਤਲਵੰਡੀ ਸਾਬੋ, 30 ਮਾਰਚ 2025 : ਗੁਰਦੁਆਰਾ ਬੇਰ ਸਾਹਿਬ ਦੇਗਸਰ ਸਾਹਿਬ ਯਾਦਗਾਰ ਬਾਬਾ ਦੀਪ ਸਿੰਘ ਜੀ ਛਾਉਣੀ ਬੁੱਢਾ ਦਲ ਤਲਵੰਡੀ ਸਾਬੋ ਵਿਖੇ ਮੱਸਿਆ ਦਾ ਦਿਹਾੜਾ ਸਰਧਾ ਭਾਵਨਾ ਤੇ ਚੜ੍ਹਦੀਕਲਾ ਨਾਲ ਮਨਾਇਆ ਗਿਆ। ਮੱਸਿਆ ਦੇ ਦਿਹਾੜੇ ਪੁਰ ਖੰਡੇ ਦੀ ਪਾਹੁਲ ਦਾ ਬਾਟਾ ਬੁੱਢਾ ਦਲ ਦੇ ਪੰਜ ਪਿਆਰਿਆਂ ਵੱਲੋਂ ਪੁਰਾਤਨ ਚਲੀ ਆਉਂਦੀ ਮਰਯਾਦਾ ਅਨੁਸਾਰ ਤਿਆਰ ਕੀਤਾ ਗਿਆ।
ਪ੍ਰਚਾਰਕ ਭਾਈ ਸੁਖਵਿੰਦਰ ਸਿੰਘ ਮੌਰ ਨੇ ਦਸਿਆ ਕਿ ਬੁੱਢਾ ਦਲ ਦੇ ਵਰਤਮਾਨ 14ਵੇਂ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਪ੍ਰੇਰਨਾ ਤੇ ਸਿੱਖਿਆ ਉਤਸ਼ਾਹ ਸਦਕਾ ਮੱਸਿਆ ਦੇ ਦਿਹਾੜੇ ਤੇ 65 ਪ੍ਰਾਣੀ ਨੇ ਖੰਡੇ ਦੀ ਪਾਹੁਲ ਛੱਕ ਕੇ ਗੁਰੂ ਵਾਲੇ ਬਣੇ। ਪੰਜਾਂ ਪਿਆਰਿਆਂ ਨੇ ਖਾਲਸਾ ਪੰਥ ਦੀ ਪੁਰਾਤਨ ਮਰਯਾਦਾ ਅਨੁਸਾਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲੇ ਪ੍ਰਾਣੀਆਂ ਨੂੰ ਰਹਿਤ ਬਹਿਤ ਕੁਰਹਿਤਾਂ ਅਤੇ ਜੀਵਨ ਗੁਰੂ ਆਸੇ ਅਨੁਸਾਰ ਬਤੀਤ ਕਰਨ ਬਾਰੇ ਜਾਣੂੰ ਕਰਵਾਇਆ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਫੈਲੀਆਂ ਕੁਰੀਤੀਆਂ ਤੋਂ ਬਚਨ ਲਈ ਅਤੇ ਸੁਜੱਗ ਜੀਵਨ ਬਤੀਤ ਕਰਨ ਲਈ ਅੰਮ੍ਰਿਤਧਾਰੀ ਹੋਣਾ ਅਤਿ ਜ਼ਰੂਰੀ ਹੈ। ਉਨ੍ਹਾਂ ਨੇ ਮੱਸਿਆ ਦਿਹਾੜੇ ਤੇ ਅੰਮ੍ਰਿਤ ਛੱਕਣ ਅਤੇ ਗੁਰੂ ਦੇ ਜਹਾਜ ਚੜਨ ਵਾਲੇ ਵਿਅਕਤੀਆਂ ਨੂੰ ਵਧਾਈ ਦਿਤੀ।