ਸ਼ੈਲਟਰ ਨੇ ਚਲਾਈ ਪ੍ਰਦੂਸ਼ਣ ਮੁਕਤ ਸਕੂਲ ਮੁਹਿੰਮ : ਡਾ.ਮੁਲਤਾਨੀ
- ਚਾਰ ਹੋਰ ਸਕੂਲਾਂ ਨੂੰ ਵੰਡੀਆਂ ਪ੍ਰਦੂਸ਼ਣ ਮੁਕਤ ਭੱਠੀਆਂ
ਮਲਕੀਤ ਸਿੰਘ ਮਲਕਪੁਰ
ਲਾਲੜੂ 21 ਮਾਰਚ 2025: ਭਾਰਤ ਸਰਕਾਰ ਨੇ 2014 ਵਿੱਚ ਸਾਫ ਭਾਰਤ -ਸਵਾਸਥ ਭਾਰਤ ਦਾ ਨਾਅਰਾ ਦੇ ਕੇ ਇੱਕ ਆਸ ਜਗਾਈ ਸੀ ਕਿ ਸਰਕਾਰਾਂ ਹੁਣ ਪ੍ਰਦੂਸ਼ਣ ਵੱਲ ਜਿਆਦਾ ਧਿਆਨ ਦੇਣਗੀਆਂ ਪਰ ਇਹ ਮੁਹਿੰਮ ਵੀ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਜ਼ਿਆਦਾ ਤੇ ਗਰਾਊਂਡ 'ਤੇ ਘੱਟ ਮਿਲ ਰਹੀ ਹੈ ਜਦਕਿ ਦੂਜੇ ਪਾਸੇ ਸ਼ੈਲਟਰ ਚੈਰੀਟੇਬਲ ਟਰੱਸਟ ( ਰਜਿਸਟਰਡ ਸੁਸਾਇਟੀ) ਲਾਲੜੂ, ਜੋ ਕਿ ਸਿਹਤ, ਸਿੱਖਿਆ , ਖੇਡਾਂ ਦੀ ਤਰੱਕੀ ਅਤੇ ਪ੍ਰਦੂਸ਼ਣ ਘਟਾਉਣ ਲਈ ਪਿਛਲੇ ਤੀਹ ਸਾਲਾਂ ਤੋਂ ਡੇਰਾ ਬੱਸੀ ਅਤੇ ਹੋਰ ਇਲਾਕਿਆਂ ਵਿੱਚ ਉਪਰਾਲੇ ਕਰ ਰਹੀ ਹੈ, ਨੇ ਅੱਜ ਚਾਰ ਹੋਰ ਸਕੂਲਾਂ ਨੂੰ ਧੂੰਆਂ ਮੁਕਤ ਕਰਨ ਲਈ ਗੈਸ ਚੁੱਲ੍ਹੇ ਅਤੇ ਭੱਠੀਆਂ ਦਿਤੀਆਂ ।
ਸਰਕਾਰੀ ਪ੍ਰਾਇਮਰੀ ਸਕੂਲ ਜੌਲਾ ਖੁਰਦ , ਸਰਕਾਰੀ ਪ੍ਰਾਇਮਰੀ ਸਕੂਲ ਰਾਣੀ ਮਾਜਰਾ, ਸਰਕਾਰੀ ਹਾਈ ਸਕੂਲ ਦੱਪਰ ਅਤੇ ਸਰਕਾਰੀ ਪ੍ਰਾਇਮਰੀ ਸੀਨੀਅਰ ਸਮਾਰਟ ਸੈਕੰਡਰੀ ਸਕੂਲ ਲਾਲੜੂ ਮੰਡੀ ਨੂੰ ਮਿਡ ਡੇ ਮੀਲ ਬਣਾਉਣ ਲਈ ਭੱਠੀਆਂ - ਚੁੱਲੇ ਦਾਨ ਕਰਨ ਸਮੇਂ ਡਾ. ਦਲੇਰ ਸਿੰਘ ਮੁਲਤਾਨੀ ਸਿਵਲ ਸਰਜਨ (ਰਿਟਾ) ਅਤੇ ਸ਼ੈਲਟਰ ਦੇ ਪ੍ਰਧਾਨ ਨੇ ਦੱਸਿਆ ਕਿ ਹੁਣ ਤੱਕ ਇਹ ਟਰੱਸਟ ਡੇਰਾ ਬਸੀ ਇਲਾਕੇ ਦੇ ਸੌ ਤੋਂ ਵੱਧ ਸਕੂਲਾਂ ਅਤੇ ਪੰਜਾਬ ਦੇ ਹੋਰ ਸਕੂਲਾਂ ਨੂੰ ਧੂੰਆਂ ਮੁਕਤ ਸਕੂਲ ਅਤੇ ਸਾਫ ਪਾਣੀ ਦੇ ਨਾਲ ਨਾਲ ਖੇਡ ਗਰਾਊਂਡ ਆਦਿ ਬਣਾਉਣ ਵਿੱਚ ਮਦਦ ਕਰਦਾ ਆ ਰਿਹਾ ਹੈ। ਅੱਜ ਦੇ ਪ੍ਰੋਗਰਾਮ ਵਿੱਚ ਐਨਆਰਆਈ ਤਰਲੋਚਨ ਸਿੰਘ ਮਾਹਲ ਵੱਲੋਂ ਟਰੱਸਟ ਨੂੰ 50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਗਈ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਪ੍ਰਿੰਸੀਪਲ ਡਿੰਪੀ ਧੀਰ , ਐਨਆਰਆਈ ਪਰਵਿੰਦਰ ਸਿੰਘ ਘੋਤੜਾ ਰਿਟਾ ਐਕਸੀਅਨ , ਸਮਾਜ ਸੇਵੀ ਸਤਨਾਮ ਸਿੰਘ ਦਾਊਂ ਉਚੇਚੇ ਤੌਰ 'ਤੇ ਹਾਜ਼ਰ ਹੋਏ ਅਤੇ ਸੈਲ਼ਟਰ ਦੀ ਹੌਸਲਾ ਅਫਜ਼ਾਈ ਕੀਤੀ।
ਡਾ.ਮੁਲਤਾਨੀ ਨੇ ਦੱਸਿਆ ਕਿ ਸਰਕਾਰਾਂ ਪ੍ਰਦੂਸ਼ਣ ਮੁਕਤ ਭਾਰਤ ਦੇ ਨਾਹਰੇ ਤਾਂ ਲਾਉਂਦੀਆਂ ਹਨ ਪਰ ਸਕੂਲਾਂ ਵਿਚ ਮਿਡ ਡੇ ਮੀਲ ਲਈ ਲੱਕੜਾਂ ਬਾਲਦੀਆਂ ਹਨ ,ਜਿਸ ਨਾਲ ਮਾਮੂਲੀ ਤਨਖਾਹ 'ਤੇ ਮਿਡ ਡੇ ਮੀਲ ਬਣਾਉਣ ਵਾਲੀਆਂ ਔਰਤਾਂ ਦੀ ਸਿਹਤ ਖਰਾਬ ਹੋ ਰਹੀ ਹੈ ਅਤੇ ਇਸੇ ਤਰਾਂ ਬੱਚਿਆਂ ਦੀ ਸਿਹਤ 'ਤੇ ਵੀ ਬੁਰਾ ਅਸਰ ਪੈ ਰਿਹਾ ਹੈ । ਡਾ. ਮੁਲਤਾਨੀ ਨੇ ਦੱਸਿਆ ਕਿ ਸਕੂਲਾਂ ਵਿੱਚ ਸਾਫ ਪਾਣੀ ਦਾ ਪ੍ਰਬੰਧ ਨਾ ਹੋਣ ਕਰਕੇ ਕਈ ਵਾਰ ਬੱਚਿਆਂ ਨੂੰ ਕਈ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡਾ. ਮੁਲਤਾਨੀ ਨੇ ਮੰਗ ਕੀਤੀ ਕਿ ਸਰਕਾਰ ਸਾਰੇ ਸਕੂਲਾਂ ਵਿੱਚ ਗੈਸ ਚੁਲੇ ਤੇ ਭੱਠੀਆਂ ਦਾ ਪ੍ਰਬੰਧ ਕਰੇ ਅਤੇ ਲੱਕੜਾਂ ਬਾਲਣਾ ਬੰਦ ਕਰੇ ।
ਇਸੇ ਤਰ੍ਹਾਂ ਵਾਟਰ ਕੂਲਰ ਅਤੇ ਆਰ ਓ ਲਗਾ ਕੇ ਸਾਫ ਪਾਣੀ ਦਾ ਪ੍ਰਬੰਧ ਸਾਰੇ ਸਕੂਲਾਂ ਵਿੱਚ ਹੋਣਾ ਚਾਹੀਦਾ ਹੈ।ਡਾ ਮੁਲਤਾਨੀ ਨੇ ਕਿਹਾ ਕਿ ਜੇਕਰ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਦਾ ਪੱਧਰ ਉੱਚਾ ਚੁਕਣਾ ਹੈ ਤਾਂ ਪ੍ਰਾਇਮਰੀ ਸਕੂਲਾਂ ਵੱਲ ਜ਼ਿਆਦਾ ਧਿਆਨ ਦੇਣਾ ਪਵੇਗਾ। ਇਸ ਮੌਕੇ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਲਾਭ ਸਿੰਘ , ਜਨਰਲ ਸਕੱਤਰ ਰਾਜਬੀਰ ਸਿੰਘ, ਖਜ਼ਾਨਚੀ ਰਘੁਬੀਰ ਜੁਨੇਜਾ, ਸਤੀਸ਼ ਰਾਣਾ , ਕੌਂਸਲਰ ਪਵਨ ਕੁਮਾਰ, ਕਾਮਰੇਡ ਚੰਦਰਪਾਲ ਅੱਤਰੀ , ਜਗਤਾਰ ਜੱਗੀ, ਮਨੋਜ ਮਹਿਤਾ ਅਤੇ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।