ਰੋਜ਼ਗਾਰ ਤੇ ਰਜਿਸਟਰੇਸ਼ਨ ਕੈਂਪ 28 ਮਾਰਚ ਨੂੰ; ਨੌਜਵਾਨਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ - ADC ਹਰਪ੍ਰੀਤ ਸਿੰਘ
ਦੀਦਾਰ ਗੁਰਨਾ
* ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਵਿੱਚ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ
* ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਦੇਣ ਲਈ ਵਿਸ਼ੇਸ਼ ਯਤਨ ਕੀਤੇ ਜਾਣ
* ਜ਼ਿਲ੍ਹੇ ਦੇ ਨੌਜਵਾਨ ਪੰਜਾਬ ਸਰਕਾਰ ਦੀਆਂ ਸਵੈ ਰੋਜ਼ਗਾਰ ਸਕੀਮਾਂ ਦਾ ਲਾਹਾ ਲੈਣ
* ਨੌਕਰੀਆਂ ਦੀ ਜਾਣਕਾਰੀ ਲਈ ਟੈਲੀਗਰਾਮ ਚੈਨਲ "DBEEFGSJOBS" ਜਾਂ https://t.me/dbeeggsjobs ਦੀ ਕੀਤੀ ਜਾ ਸਕਦੀ ਹੈ ਵਰਤੋਂ
* ਲਿੰਕ www.pgrkam.com 'ਤੇ ਕੀਤੀ ਜਾ ਸਕਦੀ ਹੈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨਾਲ ਰਜਿਸਟ੍ਰੇਸ਼ਨ
ਫ਼ਤਹਿਗੜ੍ਹ ਸਾਹਿਬ, 27 ਮਾਰਚ 2025 - ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਤਹਿਗੜ੍ਹ ਸਾਹਿਬ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਨ੍ਹਾਂ ਉਪਰਾਲਿਆਂ ਤਹਿਤ ਹੀ 28 ਮਾਰਚ, 2025 ਦਿਨ ਸ਼ੁੱਕਰਵਾਰ ਨੂੰ ਸਵੇਰੇ 10:00 ਵਜੇ ਤੋਂ 01:00 ਵਜੇ ਤਕ ਕਮਰਾ ਨੰਬਰ 127, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਲੇਸਮੈਂਟ, ਰਜਿਸਟ੍ਰੇਸ਼ਨ ਅਤੇ ਸਵੈ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਐਸ.ਸੀ.ਐਫ.ਸੀ (ਅ/ਜ), ਬੀ.ਸੀ. ਕਾਰਪੋਰੇਸ਼ਨ ਆਦਿ ਵਿਭਾਗਾਂ ਵੱਲੋਂ ਭਾਗ ਲਿਆ ਜਾਣਾ ਹੈ। ਇਸ ਕੈਂਪ ਵਿੱਚ 10ਵੀਂ, 12ਵੀਂ ਅਤੇ ਗਰੈਜੂਏਸ਼ਨ ਦੀ ਯੋਗਤਾ ਵਾਲੇ ਪ੍ਰਾਰਥੀ ਭਾਗ ਲੈ ਸਕਦੇ ਹਨ।
ਇਹ ਜਾਣਕਾਰੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਪ੍ਰੀਤ ਸਿੰਘ ਨੇ ਸਾਂਝੀ ਕੀਤੀ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਚਾਹਵਾਨ ਪ੍ਰਾਰਥੀ ਇਸ ਕੈਂਪ ਵਿੱਚ ਹਿੱਸਾ ਲੈਣ ਲਈ ਦਰਸਾਏ ਪਤੇ 'ਤੇ ਆਪਣੀ ਯੋਗਤਾ ਦੇ ਦਸਤਾਵੇਜ਼ ਲੈ ਕੇ ਪੁੱਜਣ ਤੇ ਵੱਧ ਤੋਂ ਵੱਧ ਲਾਭ ਉਠਾਉਣ।
ਇਸ ਤੋਂ ਇਲਾਵਾ ਹਰ ਰੋਜ਼ ਨੌਕਰੀਆਂ ਦੀ ਜਾਣਕਾਰੀ ਲਈ ਟੈਲੀਗਰਾਮ ਚੈਨਲ "DBEEFGSJOBS" ਜਾਂ https://t.me/dbeeggsjobs ਜੁਆਇਨ ਕਰਨ ਜਾਂ ਕਿਸੇ ਵੀ ਕੰਮ ਵਾਲੇ ਦਿਨ ਆ ਕੇ ਕਮਰਾ ਨੰ 119 ਏ ਵਿਖੇ ਸੰਪਰਕ ਕਰ ਸਕਦੇ ਹਨ ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਰੋਜ਼ਗਾਰ ਵਿਭਾਗ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਬੇਰੋਜ਼ਗਾਰ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੀ ਸਿਖਲਾਈ ਦੇ ਕੇ ਸਵੈ ਰੋਜ਼ਗਾਰ ਧੰਦੇ ਸ਼ੁਰੂ ਕਰਨ ਲਈ ਜਾਗਰੂਕ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਬੈਂਕ ਸਵੈ ਰੋਜ਼ਗਾਰ ਧੰਦਿਆਂ ਲਈ ਬੇਰੋਜ਼ਗਾਰਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਕਰਜ਼ੇ ਮੁਹੱਈਆ ਕਰਵਾਉਣ ਨੂੰ ਤਰਜੀਹ ਦੇਣ, ਤਾਂ ਜੋ ਨੌਜਵਾਨ ਪੀੜ੍ਹੀ ਰੋਜ਼ਗਾਰ ਦੇ ਸਮਰੱਥ ਬਣ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਗਰਵਨਿੰਗ ਕੌਂਸਲ ਨਾਲ ਜੁੜੇ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਬੇਰੋਜ਼ਗਾਰਾਂ ਲਈ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਸਵੈ ਰੋਜ਼ਗਾਰ ਧੰਦੇ ਸ਼ੁਰੂ ਕਰਨ ਲਈ ਪ੍ਰੇਰਤ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਵੈ ਰੋਜ਼ਗਾਰ ਲਈ ਸਬਸਿਡੀ ’ਤੇ ਦਿੱਤੇ ਜਾਣ ਵਾਲੇ ਕਰਜ਼ਿਆਂ ਸਬੰਧੀ ਜਾਗਰੂਕ ਵੀ ਕੀਤਾ ਜਾਵੇ ਅਤੇ ਸਨਅਤ ਦੀ ਲੋੜ ਮੁਤਾਬਕ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਰੁਜ਼ਗਾਰ ਦੇ ਕਾਬਿਲ ਬਣਾਇਆ ਜਾਵੇ
ਨੌਜਵਾਨਾਂ ਨੂੰ ਫੌਜ, ਪੁਲਿਸ ਜਾਂ ਪੈਰਾ ਮਿਲਟਰੀ ਫੋਰਸ ਵਿੱਚ ਭਰਤੀ ਹੋਣ ਲਈ ਸੀ-ਪਾਇਟ ਸ਼ਹੀਦਗੜ੍ਹ, ਬਸੀ ਪਠਾਣਾਂ ਵਿਖੇ ਸਿਖਲਾਈ ਲੈਣ ਬਾਰੇ ਵੀ ਜਾਗਰੂਕ ਕੀਤਾ ਜਾਵੇ, ਜਿਥੇ ਕਿ ਭਰਤੀ ਹੋਣ ਲਈ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ।
ਮੀਟਿੰਗ ਦੌਰਾਨ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਬਿਊਰੋ ਦੇ ਅਧਿਕਾਰੀਆਂ ਵੱਲੋਂ ਸਕੂਲਾਂ ਅਤੇ ਕਾਲਜਾਂ ਤੱਕ ਪਹੁੰਚ ਕਰ ਕੇ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਧੰਦਿਆਂ ਸਬੰਧੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਬੇਰੋਜ਼ਗਾਰ ਨੌਜਵਾਨ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨਾਲ ਰਜਿਸਟ੍ਰੇਸ਼ਨ ਲਈ ਲਿੰਕ www.pgrkam.com ਦੀ ਵਰਤੋਂ ਕਰ ਸਕਦੇ ਹਨ।
ਮੀਟਿੰਗ ਵਿੱਚ ਪਲੇਸਮੈਂਟ ਅਫਸਰ ਜਸਵਿੰਦਰ ਸਿੰਘ, ਬਲਾਕ ਮਿਸ਼ਨ ਮੈਨੇਜਰ ਮੁਕੇਸ਼ ਕੁਮਾਰ, ਐੱਸ.ਏ. ਅਮਨਦੀਪ ਸਿੰਘ, ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵਿਦਿਅਕ ਅਦਾਰਿਆਂ ਦੇ ਨੁਮਾਇੰਦੇ ਹਾਜ਼ਰ ਸਨ।