ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਵਧਾਉਣ ਤੋਂ ਮੁੱਕਰੀ ਸਰਕਾਰ - ਹਰਗੋਬਿੰਦ ਕੌਰ
ਅਸ਼ੋਕ ਵਰਮਾ
ਬਠਿੰਡਾ, 27 ਮਾਰਚ 2025: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੋਸ਼ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਾਅਦੇ ਤੋਂ ਬਿਲਕੁਲ ਭੱਜ ਗਈ ਹੈ ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਵਧਾਉਣ ਤੋਂ ਮੁੱਕਰ ਗਈ ਹੈ । ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਜਸਵੀਰ ਸਿੰਘ ਨੇ ਸਵਾਲ ਉਠਾਇਆ ਸੀ ਕਿ ਘੱਟੋ ਘੱਟ ਉਜ਼ਰਤਾਂ ਨੂੰ ਮੁੱਖ ਰੱਖਦਿਆਂ ਕੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਵਧਾਇਆ ਜਾ ਰਿਹਾ ਹੈ ਤਾਂ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਜਵਾਬ ਦਿੱਤਾ ਗਿਆ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਅਸੀਂ ਘੱਟੋ ਘੱਟ ਉਜਰਤਾਂ ਨਹੀਂ ਦੇ ਸਕਦੇ ਕਿਉਂਕਿ ਇਹ ਘੱਟੋ ਘੱਟ ਉਜਰਤਾਂ ਦੇ ਦਾਇਰੇ ਵਿੱਚ ਨਹੀਂ ਆਉਂਦੀਆਂ । ਹਰਗੋਬਿੰਦ ਕੌਰ ਨੇ ਕਿਹਾ ਕਿ ਜਦੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਤੋਂ ਸਰਕਾਰ ਅਤੇ ਮਹਿਕਮੇ ਨੇ ਕੰਮ ਲੈਣਾ ਹੁੰਦਾ ਹੈ ਜਾਂ ਉਹਨਾਂ ਨੂੰ ਨੌਕਰੀ ਤੋਂ ਕੱਢਣਾ ਹੁੰਦਾ ਹੈ ਤਾਂ ਉਦੋਂ ਤੁਸੀਂ ਕਹਿ ਦਿੰਦੇ ਹੋ ਕਿ ਆਂਗਣਵਾੜੀ ਵਰਕਰ ਸਰਕਾਰੀ ਮੁਲਾਜ਼ਮ ਹੈ , ਉਹ ਪੰਚ ਸਰਪੰਚ ਨਹੀਂ ਬਣ ਸਕਦੀ, ਉਹ ਕਿਸੇ ਰਾਜਨੀਤਿਕ ਪਾਰਟੀ ਦਾ ਹਿੱਸਾ ਨਹੀਂ ਬਣ ਸਕਦੀ।
ਉਹਨਾਂ ਕਿਹਾ ਕਿ ਅੱਜ ਕਿਹਾ ਜਾ ਰਿਹਾ ਹੈ ਕਿ ਆਂਗਣਵਾੜੀ ਵਰਕਰ ਤੇ ਹੈਲਪਰ ਤਾਂ ਉਜਰਤ ਦੇ ਦਾਇਰੇ ਵਿੱਚ ਵੀ ਨਹੀਂ ਆਉਂਦੇ। ਫੇਰ ਤੁਸੀਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਉੱਪਰ ਕਾਰਵਾਈ ਕਿਸ ਅਧਾਰ ਤੇ ਕਰਦੇ ਹੋ । ਹਰਗੋਬਿੰਦ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰ ਤੇ ਹੈਲਪਰ ਦੀ ਡਿਊਟੀ ਵਿਧਾਨ ਸਭਾ ਵਿੱਚ ਬੋਲ ਕੇ ਮੰਤਰੀ ਨੇ ਇੱਕ ਘੰਟਾ ਘੱਟ ਕਰ ਦਿੱਤੀਆਂ । ਜਦ ਕਿ ਆਂਗਣਵਾੜੀ ਵਰਕਰ 8 ਤੋਂ 12 ਸੈਂਟਰ ਵਿੱਚ ਹੁੰਦੀ ਹੈ 12 ਤੋਂ 1 ਹੋਮ ਵਿਜਿਟ ਕਰਦੀ ਹੈ । ਉਹਨਾਂ ਕਿਹਾ ਕਿ ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਦਿਖਾਉਣ ਵਾਲੇ ਹੋਰ ਹਨ । ਜਦੋਂ ਵੋਟਾਂ ਲੈਣੀਆਂ ਸੀ ਉਸ ਦਿਨ ਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਸਾਡੀ ਸਰਕਾਰ ਆਈ ਤਾਂ ਅਸੀ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁਗਣਾ ਕਰਾਂਗੇ । ।
ਯੂਨੀਅਨ ਆਗੂ ਨੇ ਇਹ ਵੀ ਕਿਹਾ ਕਿ ਸੈਂਟਰ ਸਰਕਾਰ ਵੱਲੋਂ ਪੋਸ਼ਣ ਟਰੈਕਰ ਐਪ ਦਾ ਕੰਮ ਕਰਨ ਬਦਲੇ ਦਿੱਤੀ ਜਾ ਰਹੀ ਉਤਸ਼ਾਹ ਵਰਧਕ ਰਾਸ਼ੀ 500/ ਵਰਕਰ 250 /ਹੈਲਪਰ ਉਸ ਨੂੰ ਵੀ ਪੰਜਾਬ ਸਰਕਾਰ ਆਪਣਾ ਦੱਸ ਰਹੀ ਹੈ। ਪ੍ਰਧਾਨ ਮੰਤਰੀ ਮਾਤਰਤਵ ਵੰਦਨਾ ਯੋਜਨਾ ਵਿੱਚ ਮਿਲਦਾ ਕਮਿਸ਼ਨ ਜੋ 200 ਰੁਪਏ ਵਰਕਰ ਤੇ 100 ਰੁਪਏ ਹੈਲਪਰ ਹੈ ਉਸ ਵਿੱਚੋਂ 100 ਰੁਪਏ ਵਰਕਰ ਅਤੇ 50 ਰੁਪਏ ਹੈਲਪਰ ਨੂੰ ਦਿੱਤੇ ਜਾ ਰਹੇ ਹਨ, ਉਸ ਨੂੰ ਵੀ ਆਪਣਾ ਦੱਸਿਆ ਜਾ ਰਿਹਾ । ਉਹਨਾਂ ਕਿਹਾ ਕਿ ਜਦੋਂ ਤੋਂ ਆਪ ਸਰਕਾਰ ਆਈ ਹੈ ਉਦੋਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਟਾਈਮ ਤੇ ਮਾਣ ਭੱਤਾ ਵੀ ਨਹੀਂ ਮਿਲਿਆ । ਉਹਨਾਂ ਕਿਹਾ ਕਿ ਪੰਜਾਬ ਦੇ ਆਂਗਣਵਾੜੀ ਕੇਂਦਰਾਂ ਵਿੱਚੋਂ ਰਾਸ਼ਨ ਲੈ ਰਹੇ ਕਰੋੜਾਂ ਲਾਭਪਾਤਰੀਆਂ ਦੀ ਸਿਹਤ ਨਾਲ ਮਾੜਾ ਰਾਸ਼ਨ ਭੇਜ ਕੇ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਸਰਕਾਰੀ ਅਦਾਰੇ ਵੇਰਕਾ ਦੀ ਥਾਂ ਪ੍ਰਾਈਵੇਟ ਕੰਪਨੀਆਂ ਤੋਂ ਖਰੀਦਿਆ ਜਾ ਰਿਹਾ ਹੈ।