ਫ਼ੌਜ, ਪੰਜਾਬ ਪੁਲਿਸ, ਬੀ.ਐੱਸ.ਐਫ, ਸੀ.ਆਰ.ਪੀ.ਐੱਫ ਅਤੇ ਸੀ.ਆਈ.ਐਫ ਦੀ ਭਰਤੀ ਲਈ ਟਰੇਨਿੰਗ ਕੈਂਪ 1 ਅਪ੍ਰੈਲ ਤੋਂ
ਰੋਹਿਤ ਗੁਪਤਾ
ਗੁਰਦਾਸਪੁਰ, 27 ਮਾਰਚ 2025 - ਕਮਾਂਡਰ ਬਲਜਿੰਦਰ ਵਿਰਕ (ਰਿਟਾ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗੁਰਦਾਸਪੁਰ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਭਰਤੀ ਟਰੇਨਿੰਗ ਲਈ ਦਫ਼ਤਰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਗੁਰਦਾਸਪੁਰ ਵਿਖੇ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ, ਜਿਸ ਦਾ ਵੱਧ ਤੋਂ ਵੱਧ ਫ਼ਾਇਦਾ ਉਠਾ ਕੇ ਨੌਜਵਾਨ ਟਰੇਨਿੰਗ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸੈਨਾ, ਬੀ.ਐੱਸ.ਐਫ, ਸੀ.ਆਰ.ਪੀ.ਐਫ, ਸੀ.ਆਈ.ਐੱਸ.ਐਫ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹਿਤ ਅਗਲਾ ਟਰੇਨਿੰਗ ਕਾਡਰ ਮਿਤੀ 01 ਅਪ੍ਰੈਲ 2025 ਤੋਂ ਸ਼ੁਰੂ ਹੋ ਰਿਹਾ ਹੈ। ਇਸ ਕਾਡਰ ਵਿੱਚ ਸਾਬਕਾ ਸੈਨਿਕਾਂ, ਉਨ੍ਹਾਂ ਦੀਆਂ ਵਿਧਵਾਵਾਂ ਦੇ ਬੱਚੇ ਅਤੇ ਸੇਵਾ ਕਰ ਰਹੇ ਸੈਨਿਕਾਂ ਅਤੇ ਸਿਵਲੀਅਨਾਂ ਦੇ ਬੱਚਿਆਂ ਨੂੰ ਭਰਤੀ ਸਬੰਧੀ ਤਿਆਰੀ ਕਰਵਾਈ ਜਾਵੇਗੀ, ਜਿਸ ਵਿੱਚ ਸਰੀਰਕ ਫਿਟਨੈੱਸ ਦੇ ਨਾਲ ਲਿਖਤੀ ਪ੍ਰੀਖਿਆ ਦੀ ਵੀ ਸਿਖਲਾਈ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਸਿਖਲਾਈ ਲਈ ਸਰਕਾਰ ਵੱਲੋਂ ਤਜ਼ਰਬੇਕਾਰ ਸਟਾਫ਼ ਮੁਹੱਈਆ ਕਰਵਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਆਪਣੇ ਸਾਰੇ ਸਰਟੀਫਿਕੇਟ ਨਾਲ ਲੈ ਕੇ ਦਫ਼ਤਰੀ ਸਮੇਂ ਦੌਰਾਨ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਜਾਣਕਾਰੀ ਲਈ ਮੋਬਾਈਲ ਨੰਬਰ 99159-41948 'ਤੇ ਸੰਪਰਕ ਕੀਤਾ ਜਾ ਸਕਦਾ ਹੈ।