ਵਿਧਾਨ ਸਭਾ 'ਚ ਹੰਗਾਮਾ, ਕਾਂਗਰਸ ਵੱਲੋਂ ਵਾਕਆਉਟ
ਹਰਸ਼ਬਾਬ ਸਿੱਧੂ
ਚੰਡੀਗੜ੍ਹ, 26 ਮਾਰਚ 2025 – ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਅੱਜ ਜਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ। ਆਮ ਆਦਮੀ ਪਾਰਟੀ (AAP) ਦੀ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਨੇਤਾ ਪ੍ਰਤਿਪੱਖ ਪ੍ਰਤਾਪ ਬਾਜਵਾ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵਪਾਰੀ ਕਹਿਣ 'ਤੇ ਮਾਫ਼ੀ ਮੰਗਣ ਲਈ ਕਹਿਣ 'ਤੇ ਮਾਹੌਲ ਹੋਰ ਵੀ ਗਰਮ ਹੋ ਗਿਆ।
ਬਾਜਵਾ ਨੇ ਮਾਫ਼ੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਸ਼ਬਦਾਂ 'ਤੇ ਅੱਜ ਵੀ ਕਾਇਮ ਹਨ। ਇਸ 'ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਸਮੇਤ ਹੋਰ AAP ਵਿਧਾਇਕਾਂ ਨੇ ਬਾਜਵਾ ਨੂੰ ਚੰਗੀ ਤਰ੍ਹਾਂ ਸੁਣਾਇਆ।
ਬਾਜਵਾ ਨੇ ਜ਼ੀਰੋ ਆਵਰ 'ਚ ਸ਼ਹੀਦ ਭਗਤ ਸਿੰਘ ਨੂੰ ਸਨਮਾਨ ਦਵਾਉਣ ਦਾ ਮਤਾ ਪੇਸ਼ ਕੀਤਾ, ਪਰ ਸਪੀਕਰ ਕੁਲਤਾਰ ਸੰਧਵਾਂ ਨੇ ਨਿਯਮਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਬੈਠਣ ਲਈ ਕਿਹਾ। ਸਪੀਕਰ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਮਤੇ ਲਈ ਘੱਟੋ ਘੱਟ 15 ਦਿਨ ਪਹਿਲਾਂ ਨੋਟਿਸ ਦੇਣਾ ਲਾਜ਼ਮੀ ਹੁੰਦਾ ਹੈ, ਜੋ ਬਾਜਵਾ ਨੇ ਨਹੀਂ ਦਿੱਤਾ।
ਸਪੀਕਰ ਵੱਲੋਂ ਬੋਲਣ ਦੀ ਇਜਾਜ਼ਤ ਨਾ ਮਿਲਣ 'ਤੇ ਪ੍ਰਤਾਪ ਬਾਜਵਾ ਨੇ ਵਿਰੋਧ ਦਰਜ ਕਰਵਾਇਆ, ਜਿਸ ਤੋਂ ਬਾਅਦ ਕਾਂਗਰਸ ਦੇ ਸਭ ਵਿਧਾਇਕਾਂ ਨੇ ਸਦਨ 'ਚੋਂ ਵਾਕਆਉਟ ਕਰ ਲਿਆ।