ਟਰੰਪ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਅਰਜ਼ੀਆਂ ਦੀ ਪ੍ਰੋਸੈਸਿੰਗ ’ਤੇ ਲਗਾਈ ਰੋਕ, ਪੰਜਾਬੀਆਂ ਨੂੰ ਪਵੇਗੀ ਮਾਰ
ਬਾਬੂਸ਼ਾਹੀ ਨੈਟਵਰਕ
ਵਾਸ਼ਿੰਗਟਨ, 27 ਮਾਰਚ, 2025: ਟਰੰਪ ਪ੍ਰਸ਼ਾਸਨ ਨੇ ਸ਼ਰਣਾਰਥੀਆਂ ਤੇ ਹੋਰ ਵਿਅਕਤੀਆਂ ਵੱਲੋਂ ਲਗਾਈਆਂ ਗ੍ਰੀਨ ਕਾਰਡ ਅਰਜ਼ੀਆਂ ਦੀ ਪ੍ਰੋਸੈਸਿੰਗ ’ਤੇ ਰੋਕ ਲਗਾ ਦਿੱਤੀ ਹੈ। ਇਸ ਫੈਸਲੇ ਨਾਲ ਭਾਰਤੀਆਂ ਖਾਸ ਤੌਰ ’ਤੇ ਪੰਜਾਬੀਆਂ ਤੇ ਹੋਰ ਭਾਈਚਾਰਿਆਂ ਦੇ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ।
ਅਮਰੀਕਾ ਦੀ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਨੇ ਆਪਣੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਜਿਹਨਾਂ ਵਿਅਕਤੀਆਂ ਨੂੰ ਸ਼ਰਣਾਰਥੀ ਵਜੋਂ ਸ਼ਰਣ ਦਿੱਤੀ ਗਈ ਹੈ, ਉਹਨਾਂ ਦੀਆਂ ਗ੍ਰੀਨ ਕਾਰਡ ਲਈ ਅਰਜ਼ੀਆਂ ਦੀ ਪ੍ਰੋਸੈਸਿੰਗ ਰੋਕ ਦੇਣ।
ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਵੱਡੀ ਗਿਣਤੀ ਵਿਚ ਸ਼ਰਣਾਰਥੀਆਂ ਤੇ ਸ਼ਰਣ ਲੈਣ ਵਾਲਿਆਂ ਦੇ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ ਜਿਹਨਾਂ ਵਿਚ ਪੰਜਾਬੀ ਵੀ ਸ਼ਾਮਲ ਹਨ।
ਅਮਰੀਕਾ ਵੱਲੋਂ ਵਿਦੇਸ਼ ਤੋਂ ਆਉਂਦੇ ਲੋਕਾਂ ਨੂੰ ਸੁਰੱਖਿਆ ਜਾਂਚ, ਮੈਡੀਕਲ ਜਾਂਚ ਤੇ ਹੋਰ ਜਾਂਚ ਮੁਕੰਮਲ ਕਰਨ ਤੋਂ ਬਾਅਦ ਸ਼ਰਣ ਦਿੱਤੀ ਜਾਂਦੀ ਹੈ। ਆਮ ਤੌਰ ’ਤੇ ਇਸ ਪ੍ਰਕਿਰਿਆ ਵਿਚ ਕਈ ਸਾਲ ਲੱਗ ਜਾਂਦੇ ਹਨ।