ਲੋਕ ਮੋਰਚਾ ਪੰਜਾਬ ਵੱਲੋਂ ਅਮਰੀਕੀ ਵਫਦ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ
ਅਸ਼ੋਕ ਵਰਮਾ
ਬਠਿੰਡਾ 27 ਮਾਰਚ 2025:ਭਾਰਤੀ ਮੰਡੀ ਵਿੱਚੋਂ ਭਾਰਤ ਦੇ ਖੇਤੀ ਉਤਪਾਦਾਂ ਨੂੰ ਬਾਹਰ ਕਰਨ ਅਤੇ ਅਮਰੀਕੀ ਉਤਪਾਦਾਂ ਦੀ ਬੇਰੋਕ ਟੋਕ ਵਿਕਰੀ ਯਕੀਨੀ ਬਣਾਉਣ ਦੇ ਮਕਸਦ ਨੂੰ ਲੈ ਕੇ ਆਏ ਅਮਰੀਕੀ ਵਫਦ ਦੇ ਘਾਤਕ ਮਨਸੂਬਿਆਂ ਵਿਰੁੱਧ ਅੱਜ ਲੋਕ ਮੋਰਚਾ ਪੰਜਾਬ ਵੱਲੋਂ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਤੋਂ ਪਹਿਲਾਂ ਸਥਾਨਕ ਟੀਚਰਜ਼ ਹੋਮ ਵਿਖੇ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਕਿਹਾ ਕਿ ਭਾਰਤ ਅੰਦਰ ਖੇਤੀ ਉਤਪਾਦਾਂ ਦੀ ਮੰਡੀ ਬੇਹੱਦ ਸੰਵੇਦਨਸ਼ੀਲ ਖੇਤਰ ਹੈ ਅਤੇ ਇਸ ਖੇਤਰ ਵਿੱਚ ਵਿਦੇਸ਼ੀ ਵਸਤਾਂ ਦੀ ਬੇਰੋਕ ਟੋਕ ਆਮਦ ਭਾਰਤੀ ਕਿਸਾਨਾਂ ਅਤੇ ਵਪਾਰੀਆਂ ਦੇ ਹਿਤਾਂ ਉੱਤੇ ਬੇਹਦ ਘਾਤਕ ਅਸਰ ਪਾਉਣ ਵਾਲੀ ਹੈ।
ਉਹਨਾਂ ਕਿਹਾ ਕਿ ਅਮਰੀਕਾ ਨੇ ਪਹਿਲਾਂ ਹੀ ਖੇਤੀ ਉਤਪਾਦਾਂ ਸਮੇਤ ਅਨੇਕਾਂ ਉਤਪਾਦਾਂ ਉੱਤੋਂ ਦਰਾਮਦ ਡਿਊਟੀਆਂ ਘਟਾਉਣ ਲਈ ਭਾਰਤ ਸਰਕਾਰ ਉੱਤੇ ਦਬਾਅ ਬਣਾਇਆ ਹੋਇਆ ਹੈ ਅਤੇ ਭਾਰਤ ਸਰਕਾਰ ਨੇ ਇਸ ਦਬਾਅ ਅੱਗੇ ਲਿਫਦਿਆਂ ਦਰਾਮਦ ਡਿਊਟੀਆਂ ਘਟਾਉਣ ਦਾ ਐਲਾਨ ਕੀਤਾ ਹੈ।ਉਹਨਾਂ ਕਿਹਾ ਕਿ ਹੁਣ ਇਹ ਵਪਾਰ ਵਫਦ ਭਾਰਤ ਨੂੰ ਆਪਣੀ ਮੰਡੀ ਉਹਨਾਂ ਵਸਤਾਂ ਲਈ ਖੋਹਲਣ ਲਈ ਕਹਿ ਰਿਹਾ ਹੈ ਜਿਹਨਾਂ ਦੀ ਅਜੇ ਤੱਕ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਵੀ ਅਮਰੀਕੀ ਬਦਾਮਾਂ,ਸੇਬਾਂ,ਮੀਟ ਅਤੇ ਹੋਰ ਕੁਝ ਉਤਪਾਦਾਂ ਲਈ ਭਾਰਤੀ ਮੰਡੀ ਖੋਲ੍ਹੀ ਜਾ ਚੁੱਕੀ ਹੈ। ਹੁਣ ਮੱਕੀ, ਕਣਕ, ਡੇਅਰੀ ਉਤਪਾਦਾਂ ਸਮੇਤ ਅਨੇਕਾਂ ਵਸਤਾਂ ਨੂੰ ਭਾਰਤ ਦੀ ਮੰਡੀ ਵਿੱਚ ਵੇਚਣ ਦੀ ਇਜਾਜ਼ਤ ਹਾਸਲ ਕੀਤੀ ਜਾਣੀ ਹੈ। ਪਹਿਲਾਂ ਹੀ ਗਹਿਰੇ ਸੰਕਟ ਨਾਲ ਜੂਝ ਰਹੇ ਸਾਡੇ ਦੇਸ਼ ਦੇ ਕਿਸਾਨਾਂ ਅਤੇ ਵਪਾਰੀਆਂ ਉੱਤੇ ਇਸ ਕਦਮ ਨੇ ਵੱਡੇ ਨਾਂਹ ਪੱਖੀ ਅਸਰ ਪਾਉਣੇ ਹਨ।
ਬੁਲਾਰਿਆਂ ਨੇ ਅੱਗੇ ਕਿਹਾ ਕਿ ਅਮਰੀਕੀ ਦਬਾਅ ਹੇਠ ਝੁਕਦਿਆਂ ਭਾਰਤ ਸਰਕਾਰ ਇਥੋਂ ਦੇ ਕਿਸਾਨਾਂ ਅਤੇ ਵਪਾਰੀਆਂ ਦੇ ਹਿੱਤਾਂ ਨਾਲ ਵੱਡਾ ਖਿਲਵਾੜ ਕਰਨ ਜਾ ਰਹੀ ਹੈ। ਇਸ ਨਾਪਾਕ ਮਕਸਦ ਨੂੰ ਲੈ ਕੇ ਆਏ ਅਮਰੀਕੀ ਵਫਦ ਦਾ ਭਾਰਤ ਦੇ ਸਮੂਹ ਲੋਕਾਂ ਵੱਲੋਂ ਜੋਰਦਾਰ ਵਿਰੋਧ ਕੀਤੇ ਜਾਣਾ ਚਾਹੀਦਾ ਹੈ।ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਭਾਰਤੀ ਮੰਡੀ ਨੂੰ ਸਾਮਰਾਜੀ ਲੁੱਟ ਲਈ ਨਾ ਖੋਲ੍ਹਿਆ ਜਾਵੇ ਸਗੋਂ ਇਹਦੇ ਅੰਦਰ ਸਥਾਨਕ ਕਿਸਾਨਾਂ ਅਤੇ ਵਪਾਰੀਆਂ ਦੀ ਸਥਿਤੀ ਨੂੰ ਮਜਬੂਤ ਕੀਤਾ ਜਾਵੇ ਅਤੇ ਇਸ ਵਫਦ ਨੂੰ ਤੁਰੰਤ ਵਾਪਸ ਭੇਜਿਆ ਜਾਵੇ ਕਿਸਾਨਾਂ ਅਤੇ ਵਪਾਰੀਆਂ ਨੂੰ ਉਜਾੜਨਾ ਬੰਦ ਕੀਤਾ ਜਾਵੇ। ਭਾਰਤ ਸਰਕਾਰ ਅਮਰੀਕੀ ਦਬਾਅ ਅੱਗੇ ਝੁਕਣਾ ਬੰਦ ਕਰੇ।ਅਮਰੀਕੀ ਵਸਤਾਂ ਤੋਂ ਦਰਾਮਦ ਡਿਊਟੀਆਂ ਘਟਾਉਣ ਦਾ ਫੈਸਲਾ ਵਾਪਸ ਲਿਆ ਜਾਵੇ। ਭਾਰਤੀ ਖੇਤੀ ਮੰਡੀ ਨੂੰ ਵਿਦੇਸ਼ੀ ਲੁੱਟ ਲਈ ਖੋਹਲਣਾ ਬੰਦ ਕੀਤਾ ਜਾਵੇ।ਲੋਕ ਦੋਖੀ ਭਾਰਤ ਅਮਰੀਕਾ ਵਪਾਰ ਸਮਝੌਤੇ ਰੱਦ ਕੀਤੇ ਜਾਣ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਗੁਰਮੁਖ ਨਥਾਣਾ ਨੇ ਨਿਭਾਈ ਅਤੇ ਨਿਰਮਲ ਸੀਵੀਆਂ ਤੇ ਹਰਮੀਤ ਕੋਟਗੁਰੂ ਨੇ ਇਨਕਲਾਬੀ ਗੀਤ ਪੇਸ਼ ਕੀਤੇ।