ਤਰਨ ਤਾਰਨ : ਪ੍ਰਵਾਸੀ ਮਜ਼ਦੂਰਾਂ ਨੇ ਪੰਜਾਬੀ ਦੇ ਘਰ ਦਾਖਲ ਹੋ ਕੀਤੀ ਕੁੱਟਮਾਰ
ਬਲਜੀਤ ਸਿੰਘ
ਤਰਨ ਤਾਰਨ : ਤਰਨ ਤਾਰਨ ਜ਼ਿਲ੍ਹੇ ਦੀ ਸਬ ਡਿਵੀਜ਼ਨ ਭਿੱਖੀ ਵਿੰਡ ਦੇ ਪਿੰਡ ਸਾਂਧਰਾ ਵਿੱਚ ਪੰਜ ਦਰਜਨ ਦੇ ਕਰੀਬ ਹਥਿਆਰਬੰਦ ਪ੍ਰਵਾਸੀ ਮਜ਼ਦੂਰਾਂ ਵੱਲੋਂ ਇੱਕ ਪੰਜਾਬੀ ਦੇ ਘਰ ਉੱਪਰ ਹਮਲਾ ਕਰਕੇ ਜਿੱਥੇ ਘਰ ਦੀ ਭੰਨ ਤੋੜ ਕੀਤੀ ਗਈ ਹੈ ਉੱਥੇ ਹੀ ਤੇਜਧਾਰ ਹਥਿਆਰਾਂ ਨਾਲ ਤਿੰਨ ਤੋਂ ਚਾਰ ਵਿਅਕਤੀਆਂ ਨੂੰ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਪ੍ਰਵਾਸੀ ਮਜ਼ਦੂਰਾਂ ਦੀ ਪਿੰਡ ਵਿੱਚ ਕੀਤੀ ਗਈ ਅਜਿਹੀ ਗੁੰਡਾਗਰਦੀ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ । ਦੱਸ ਦਈਏ ਕਿ ਘਰ ਵਿੱਚ ਦਾਖਲ ਹੋਏ ਪ੍ਰਵਾਸੀ ਮਜ਼ਦੂਰਾਂ ਵੱਲੋਂ ਦੋ ਜਥੇਦਾਰਾਂ ਦੀਆਂ ਦਸਤਾਰਾਂ ਵੀ ਲਾਈਆਂ ਗਈਆਂ ਅਤੇ ਜਾਂਦੇ ਹੋਏ ਸ੍ਰੀ ਸਾਹਿਬ ਅਤੇ ਕਿਰਪਾਨਾਂ ਵੀ ਖੋ ਕੇ ਲੈ ਗਏ ਹਨ । ਜਿੱਥੇ ਦੋਵੇਂ ਜਥੇਦਾਰਾਂ ਵੱਲੋਂ ਉਹਨਾਂ ਦੇ ਸ੍ਰੀ ਸਾਹਿਬ ਅਤੇ ਗਾਤਰੇ ਖੋਹ ਕੇ ਲਜਾਣ ਵਾਲੇ ਪ੍ਰਵਾਸੀ ਮਜ਼ਦੂਰਾਂ ਤੇ ਬੇਅਦਬੀ ਦੇ ਇਲਜ਼ਾਮ ਲਗਾਏ ਹਨ । ਮਾਮਲਾ ਬੱਚਿਆਂ ਦੀ ਆਪਸ ਵਿੱਚ ਹੋਈ ਲੜਾਈ ਦਾ ਦੱਸਿਆ ਜਾ ਰਿਹਾ ਹੈ ।
ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਆਂ ਮਨਜੀਤ ਸਿੰਘ ਅਤੇ ਜਗਦੀਸ਼ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਹੀ ਰਹਿੰਦੇ ਕੁਝ ਪ੍ਰਵਾਸੀ ਮਜ਼ਦੂਰਾਂ ਅਤੇ ਉਨਾਂ ਦੇ ਬੱਚਿਆਂ ਦੀ ਆਪਸ ਵਿੱਚ ਕਿਸੇ ਗੱਲ ਤੋਂ ਮਾਮੂਲੀ ਤਕਰਾਰ ਹੋਈ ਸੀ ਜਿਸ ਤੋਂ ਬਾਅਦ ਪਿੰਡ ਦੇ ਮੋਹਤਬਾਰਾਂ ਵੱਲੋਂ ਉਹਨਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਪ੍ਰੰਤੂ ਇਸ ਝਗੜੇ ਨੇ ਉਸ ਵਕਤ ਭਿਆਨਕ ਰੂਪ ਧਾਰਨ ਕਰ ਲਿਆ ਜਦੋਂ ਬੀਤੀ ਰਾਤ ਪ੍ਰਵਾਸੀ ਮਜ਼ਦੂਰ ਪੰਜ ਦਰਜਨ ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨਾਲ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਅਤੇ ਉਹਨਾਂ ਦੇ ਘਰ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ । ਉਹਨਾਂ ਦੱਸਿਆ ਕੀ ਪ੍ਰਵਾਸੀ ਮਜ਼ਦੂਰਾਂ ਵੱਲੋਂ ਜਿੱਥੇ ਉਹਨਾਂ ਦੇ ਘਰ ਦਾ ਸਾਰਾ ਹੀ ਸਮਾਨ ਭੰਨ ਤੋੜ ਦਿੱਤਾ ਗਿਆ ਹੈ ਉਥੇ ਹੀ ਘਰ ਵਿੱਚ ਖੜੇ ਦੋ ਮੋਟਰਸਾਈਕਲ ਵੀ ਤੇਜ ਧਾਰ ਹਥਿਆਰਾਂ ਨਾਲ ਵੱਢ ਦਿੱਤੇ ਗਏ ਹਨ ਘਰ ਦੇ ਦਰਵਾਜ਼ੇ ਸਮੇਤ ਕੋਈ ਵੀ ਸਮਾਨ ਨਹੀਂ ਛੱਡਿਆ ਹੈ ਜਿਸ ਦੀ ਭੰਨਤੋੜ ਨਹੀਂ ਕੀਤੀ ਗਈ ਹੋਵੇ । ਮਨਜੀਤ ਸਿੰਘ ਅਤੇ ਜਗਦੀਸ਼ ਸਿੰਘ ਨੇ ਕਿਹਾ ਕਿ ਉਕਤ ਪ੍ਰਵਾਸੀ ਮਜ਼ਦੂਰਾਂ ਵੱਲੋਂ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦੇਣ ਦੀ ਧਮਕੀ ਵੀ ਦਿੱਤੀ ਗਈ ਸੀ ਅਤੇ ਫਿਰ ਦਾਤਰਾਂ ਤੇ ਕਿਰਪਾਨਾਂ ਨਾਲ ਉਹਨਾਂ ਦੋਵਾਂ ਦੀ ਜਿੱਥੇ ਕੁੱਟਮਾਰ ਕੀਤੀ ਗਈ ਉੱਥੇ ਹੀ ਸੱਟਾਂ ਵੀ ਮਾਰੀਆਂ ਗਈਆਂ । ਉਹਨਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਉਹਨਾਂ ਬੀਤੀ ਰਾਤ ਹੀ ਥਾਣਾ ਭਿੱਖੀ ਵਿੰਡ ਵਿਖੇ ਦਰਖਾਸਤ ਦਿੱਤੀ ਸੀ । ਪ੍ਰੰਤੂ 13 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨਾ ਤਾਂ ਮੌਕਾ ਦੇਖਣ ਆਈ ਹੈ ਅਤੇ ਨਾ ਹੀ ਉਕਤ ਦਰਖਾਸਤ ਉੱਪਰ ਕੋਈ ਠੋਸ ਕਾਰਵਾਈ ਕੀਤੀ ਗਈ ਹੈ। ਉਧਰ ਦੋਵਾਂ ਜਥੇਦਾਰਾਂ ਨਾਲ ਹੋਈ ਬੇਅਦਬੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕੁਲਬੀਰ ਸਿੰਘ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਲੜਾਈ ਨੂੰ ਛਡਾਉਣ ਲਈ ਆਏ ਸਨ ਕਿ ਇਸ ਦੌਰਾਨ ਪ੍ਰਵਾਸੀ ਮਜ਼ਦੂਰਾਂ ਵੱਲੋਂ ਜਿੱਥੇ ਉਹਨਾਂ ਦੀਆਂ ਦਸਤਾਰਾਂ ਦੀ ਬੇਅਦਬੀ ਕੀਤੀ ਗਈ ਉੱਥੇ ਹੀ ਉਹਨਾਂ ਦੇ ਸਿਰੀ ਸਾਹਿਬ ਅਤੇ ਕਿਰਪਾਨਾ ਵੀ ਖੋਹ ਕੇ ਲੈ ਕੇ ਹਨ । ਦੋਵੇ ਜਥੇਦਾਰਾਂ ਨੇ ਉਕਤ ਪ੍ਰਵਾਸੀ ਮਜ਼ਦੂਰਾਂ ਖਿਲਾਫ਼ ਪੁਲਿਸ ਪ੍ਰਸ਼ਾਸਨ ਵੱਲੋਂ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਉਧਰ ਜਦੋਂ ਇਸ ਮਾਮਲੇ ਸੰਬੰਧੀ ਸਬ ਡਿਵੀਜ਼ਨ ਭਿੱਖੀ ਵਿੰਡ ਦੇ ਡੀਐਸਪੀ ਪ੍ਰੀਤ ਇੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੀਡੀਆ ਦੇ ਮਾਧਿਅਮ ਰਾਹੀਂ ਇਹ ਮਾਮਲਾ ਮੇਰੇ ਧਿਆਨ ਵਿੱਚ ਆਇਆ ਹੈ ਅਤੇ ਇਸ ਮਾਮਲੇ ਸਬੰਧੀ ਉਹਨਾਂ ਵੱਲੋਂ ਥਾਣਾ ਭਿੱਖੀਵਿੰਡ ਦੇ ਐਸਐਚਓ ਦੀ ਡਿਊਟੀ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਮਾਮਲੇ ਵਿੱਚ ਜੋ ਵੀ ਸਾਹਮਣੇ ਆਵੇਗਾ ਉਸ ਦੇ ਆਧਾਰ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।