ਔਰਤਾਂ ਕੋਲੋਂ ਪਰਸ ਖੋਹਣ ਵਾਲਾ ਇੱਕ ਚੜਿਆ ਪੁਲਿਸ ਦੇ ਹੱਥੇ ਇੱਕ ਫਰਾਰ
ਰੋਹਿਤ ਗੁਪਤਾ
ਗੁਰਦਾਸਪੁਰ, 21 ਮਾਰਚ 2025 - ਦੋ ਦਿਨ ਪਹਿਲਾਂ ਕਲਾਨੌਰ ਤੋਂ ਸਕੂਟਰੀ ਤੇ ਆਪਣੇ ਪਿੰਡ ਸਪਰਾਏ ਕੋਠੀ ਨੂੰ ਜਾ ਰਹੀਆਂ ਦੋ ਔਰਤਾਂ ਵਿੱਚੋਂ ਪਿੱਛੇ ਬੈਠੀ ਇੱਕ ਔਰਤ ਦਾ ਪਰਸ ਖੋਹ ਕੇ ਦੌੜਨ ਵਾਲੇ ਦੋ ਸਕੂਟੀ ਸਵਾਰਾ ਵਿੱਚੋਂ ਇੱਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ।
ਜਾਣਕਾਰੀ ਦਿੰਦਿਆ ਪੁਲਿਸ ਅਧਿਕਾਰੀ ਥਾਣਾ ਕਲਾਨੌਰ ਰਣਧੀਰ ਸਿੰਘ ਨੇ ਦੱਸਿਆ ਕਿ ਦੋਵੇਂ ਔਰਤਾਂ ਆਪਸ ਵਿੱਚ ਭੈਣਾਂ ਹਨ ਅਤੇ ਬੁੱਧਵਾਰ ਨੂੰ ਕਲਾਨੌਰ ਕਿਸੇ ਕੰਮ ਲਈ ਆਈਆਂ ਸੀ ਅਤੇ ਜਦੋਂ ਵਾਪਸ ਆਪਣੇ ਪੇਕੇ ਪਿੰਡ ਸਪਰਾਏ ਕੋਠੀ ਜਾ ਰਹੀਆਂ ਸਨ ਤਾਂ ਪਿੰਡ ਉਪਲ ਨੇੜੇ ਪਿੱਛੇ ਬੈਠੀ ਔਰਤ ਦੇ ਹੱਥੋਂ ਉਸਦਾ ਪਰਸ ਖੋਹ ਕੇ ਪਿੱਛੋਂ ਆਏ ਦੋ ਸਕੂਟਰੀ ਸਵਾਰ ਫਰਾਰ ਹੋ ਗਏ ਸਨ। ਇਸ ਸਬੰਧ ਵਿੱਚ ਕਲਾਨੌਰ ਥਾਨੇ ਵਿਖੇ ਦੋ ਅਣਪਛਾਤੇ ਆ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ 24 ਘੰਟੇ ਦੇ ਦਰਮਿਆਨ ਹੀ ਪਰਸ ਖੋਣ ਵਾਲੇ ਦੋ ਝਪਟਮਾਰਾਂ ਦੀ ਪਹਿਚਾਨ ਕਰ ਲਈ ਗਈ ਅਤੇ ਉਹਨਾਂ ਵਿੱਚੋਂ ਇੱਕ ਜਤਿੰਦਰ ਸਿੰਘ ਭਿੰਡਰ ਦਾਦੂਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਸਕੂਟਰੀ ਵੀ ਬਰਾਮਦ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।ਜਲਦੀ ਹੀ ਉਸ ਦੇ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।