ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕੀਤੀ ਗਈ ਪੁਲਿਸ ਕਾਰਵਾਈ ਕਿਸਾਨਾਂ ਨਾਲ ਗਦਾਰੀ ਕਰਾਰ
ਅਸ਼ੋਕ ਵਰਮਾ
ਬਠਿੰਡਾ, 21 ਮਾਰਚ 2025:ਲੋਕ ਸੰਗਰਾਮ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਅਤੇ ਸੂਬਾ ਪ੍ਰੈੱਸ ਸਕੱਤਰ ਲੋਕ ਰਾਜ ਮਹਿਰਾਜ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ । ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਲੱਗਿਆ ਕਿਸਾਨ ਮੋਰਚਾ ਪੁੱਟਣ ਅਤੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਕਿਸਾਨਾਂ ਨਾਲ ਗਦਾਰੀ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਮੋਰਚਾ ਆਪਣੀਆਂ ਬਕਾਇਆ ਮੰਗਾਂ ਪੂਰੀਆਂ ਕਰਾਉਣ ਲਈ ਕੇਂਦਰ ਸਰਕਾਰ ਅਤੇ ਹਰਿਆਣਾ ਵੱਲੋਂ ਕੱਢੀਆਂ ਕੰਧਾਂ ਵਿਰੁੱਧ ਲੱਗਿਆ ਸੀ।
ਉਹਨਾਂ ਕਿਹਾ ਕਿ ਇਸ ਮੋਰਚੇ ਦੌਰਾਨ ਹਰਿਆਣਾ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਕਾਰਨ ਇੱਕ ਨੌਜਵਾਨ ਸ਼ਹੀਦ ਹੋ ਗਿਆ ਹੈ ਜਦੋਂ ਕਿ ਵੱਡੀ ਗਿਣਤੀ ਜਖਮੀ ਹੋਏ ਹਨ। ਆਗੂਆਂ ਨੇ ਕਿਹਾ ਕਿ ਉਦੋਂ ਵੀ ਭਗਵੰਤ ਮਾਨ ਸਰਕਾਰ ਨੇ ਹਰਿਆਣਾ ਪੁਲਿਸ ਖਿਲਾਫ ਕੋਈ ਕਾਰਵਾਈ ਨਾ ਕਰਕੇ ਇੱਕ ਤਰ੍ਹਾਂ ਨਾਲ ਉਥੋਂ ਦੀ ਸਰਕਾਰ ਦੀ ਹਮਾਇਤ ਹੀ ਕੀਤੀ ਸੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਰਿਆਣਾ ਵੱਲੋਂ ਉਹ ਸਾਰੀਆਂ ਕੰਧਾਂ ਢਾਹ ਕੇ ਰਸਤਾ ਚਾਲੂ ਕਰਵਾਉਣ ਦੀ ਥਾਂ ਗੱਲਬਾਤ ਕਰਨ ਗਏ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨਾਲ ਸੰਸਾਰ ਅੰਦਰ ਸਥਾਪਿਤ ਮਾਣਤਾਵਾਂ ਅਤੇ ਜਮਹੂਰੀਅਤ ਦਾ ਘਾਣ ਕੀਤਾ ਗਿਆ ਹੈ। ਦੋਵਾਂ ਆਗੂਆਂ ਨੇ ਲੋਕ ਸੰਗਰਾਮ ਮੋਰਚਾ ਵੱਲੋਂ ਇਸ ਸੰਘਰਸ਼ ਦੀ ਹਮਾਇਤ ਕਰਦਿਆਂ ਸਮੂਹ ਪੰਜਾਬ ਵਾਸੀਆਂ ਨੂੰ ਪੰਜਾਬ ਸਰਕਾਰ ਦੇ ਇਸ ਜਬਰ ਖਿਲਾਫ ਡਟਣ ਦਾ ਸੱਦਾ ਦਿੱਤਾ ਹੈ।