ਚੋਰ ਮੰਦਰ ਵਿੱਚੋਂ ਗਹਿਣੇ ਅਤੇ ਗੋਲਕਾਂ ਤੋੜ ਕੇ ਲੱਖਾਂ ਦਾ ਦਾਨ ਲੈ ਕੇ ਹੋਏ ਫਰਾਰ
ਰੋਹਿਤ ਗੁਪਤਾ
ਗੁਰਦਾਸਪੁਰ , 21ਮਾਰਚ 2025 :
ਚੋਰਾਂ ਦੀ ਤਾਂ ਅੱਤ ਹੀ ਹੋ ਗਈ ਹੈ । ਹੁਣ ਚੋਰ ਮੰਦਰ ਗੁਰਦੁਆਰਿਆਂ ਨੂੰ ਵੀ ਨਿਸ਼ਾਨੇ ਬਣਾਉਣੇ ਸ਼ੁਰੂ ਕਰਨ ਲੱਗ ਪਏ ਹਨ। ਤਾਜ਼ਾ ਘਟਨਾ ਵਿੱਚ ਬਟਾਲਾ ਦੇ ਉਮਰਪੁਰਾ ਚੌਂਕ ਨੇੜੇ ਸਥਿਤ ਬਾਵਾ ਲਾਲ ਜੀ ਮੰਦਰ ਵਿੱਚ ਚੋਰਾਂ ਵਲੋਂ ਚਾਰ ਗੋਲਕਾਂ ਤੋੜ ਕੇ ਨਕਦੀ ਚੋਰੀ ਕੀਤੀ ਗਈ ਅਤੇ ਮੰਦਰ ਵਿੱਚ ਹੀ ਦੂਜੇ ਪਾਸੇ ਮਾਤਾ ਰਾਣੀ ਦੀ ਮੂਰਤੀ ਤੇ ਸ਼ਿੰਗਾਰੇ ਚਾਂਦੀ ਦੇ ਗਹਿਣੇ ਵੀ ਚੋਰੀ ਕਰਕੇ ਲੈ ਗਏ ਹਨ। ਦੱਸਿਆ ਗਿਆ ਹੈ ਕਿ ਚਾਂਦੀ ਦੇ ਗਹਿਨਿਆਂ ਦੀ ਕੀਮਤ 1 ਲੱਖ ਰੁਪਏ ਦੇ ਕਰੀਬ ਸੀ ਜਦਕਿ ਚਾਰ ਗੋਲਕਾਂ ਵਿੱਚ ਵੀ ਤਿੰਨ ਤੋਂ ਚਾਰ ਲੱਖ ਰੁਪਏ ਦੇ ਵਿੱਚ ਨਕਦੀ ਸੀ। ਇਹੋ ਨਹੀਂ ਸਬੂਤ ਮਿਟਾਉਣ ਲਈ ਚੋਰਾਂ ਨੇ ਮੰਦਿਰ ਦੇ ਅੰਦਰ ਲੱਗੇ ਕੈਮਰੇ ਵੀ ਤੋੜ ਦਿੱਤੇ ਤੇ ਡੀ ਵੀ ਆਰ ਵੀ ਨਾਲ ਲੈ ਕੇ ਗਏ ਹਨ।
ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਸੇਵਾਦਾਰਾਂ ਅਸ਼ਵਨੀ ਮਹਾਜਨ ਅਤੇ ਮੋਨੂ ਨੇ ਦੱਸਿਆ ਕਿ ਮਾਤਾ ਰਾਣੀ ਦੀ ਮੂਰਤੀ ਤੋਂ ਚਾਂਦੀ ਦਾ ਜਿੰਨਾ ਵੀ ਸ਼ਿੰਗਾਰ ਸੀ ਚੋਰ ਲਾ ਕੇ ਲੈ ਗਏ ਅਤੇ ਮੰਦਰ ਵਿੱਚ ਪਈਆਂ ਚਾਰ ਗੋਲਕਾਂ ਵੀ ਆਪਣੇ ਨਾਲ ਲੈ ਗਏ ਜੋ ਨੇੜੇ ਦੇ ਉਜਾੜ ਵਿੱਚ ਟੁੱਟੀਆਂ ਹੋਈਆਂ ਮਿਲੀਆਂ ਹਨ।
ਦੂਸਰੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਸਟੇਸ਼ਨ ਸਿਵਲ ਲਾਈਨ ਦੇ ਥਾਣਾ ਮੁਖੀ ਨੇ ਕਿਹਾ ਕਿ ਮੁਕਦਮਾ ਦਰਜ ਕਰਕੇ ਜਲਦ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ।