'ਯੁੱਧ ਨਸ਼ਿਆਂ ਵਿਰੁੱਧ' ਤਹਿਤ ਨਵਾਂਸ਼ਹਿਰ ਵਿਖੇ ਨਸ਼ਾ ਸਮੱਗਲਰਾਂ ਦੇ ਘਰਾਂ 'ਤੇ ਚੱਲਿਆ ਪੀਲ਼ਾ ਪੰਜਾ
- ਨਸ਼ਾ ਸਮੱਗਲਰਾਂ ਵੱਲੋਂ ਕੀਤੀਆਂ ਗਈਆਂ ਤਿੰਨ ਅਣ-ਅਧਿਕਾਰਤ ਉਸਾਰੀਆਂ ਨੂੰ ਢਾਹਿਆ
- ਨਸ਼ਾ ਤਸਕਰੀ ਛੱਡ ਦਿਓ, ਜਾਂ ਸਖ਼ਤ ਕਾਰਵਾਈ ਲਈ ਤਿਆਰ ਰਹੋ - ਐਸ.ਐਸ.ਪੀ ਦੀ ਨਸ਼ਾ ਤਸਕਰਾਂ ਨੂੰ ਚਿਤਾਵਨੀ
- ਸਥਾਨਕ ਵਸਨੀਕਾਂ ਨੇ ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਕਾਰਵਾਈ ਦੀ ਕੀਤੀ ਸ਼ਲਾਘਾ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 11 ਮਾਰਚ,2025 - ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸ਼ੁਰੂ ਕੀਤੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਿਆਂ ਦੇ ਖਾਤਮੇ ਅਤੇ ਨਸ਼ਾ ਤਸਕਰਾਂ ਵੱਲੋਂ ਕੀਤੇ ਗੈਰ-ਕਾਨੂੰਨੀ ਕਬਜ਼ਿਆਂ ਨੂੰ ਹਟਾਉਣ ਲਈ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਸਥਾਨਕ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਨਵਾਂਸ਼ਹਿਰ ਦੇ ਕਾਲਰਾਂ ਮੁਹੱਲੇ ਵਿਚ ਹੋਈਆਂ ਅਣ-ਅਧਿਕਾਰਤ ਉਸਾਰੀਆਂ ਨੂੰ ਅੱਜ ਢਹਾਇਆ ਗਿਆ। ਇਹ ਗੈਰ-ਕਾਨੂੰਨੀ ਉਸਾਰੀਆਂ ਤਿੰਨ ਪਰਿਵਾਰਾਂ, ਜਿਨ੍ਹਾਂ ਦਾ ਨਸ਼ਿਆਂ ਦੇ ਕਾਰੋਬਾਰ ਨਾਲ ਸਬੰਧ ਹੈ, ਵੱਲੋਂ ਕੀਤੀਆਂ ਗਈਆ ਸਨ, ਜਿਨ੍ਹਾਂ ਨੂੰ ਸਿਵਲ ਪ੍ਰਸ਼ਾਸਨ ਦੇ ਆਰਡਰਾਂ 'ਤੇ ਢਾਹਿਆ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ਼ਹੀਦ ਭਗਤ ਸਿੰਘ ਨਗਰ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ, ਜਿਸ ਨੂੰ ਇਨ੍ਹਾਂ ਗੈਰ- ਕਾਨੂੰਨੀ ਉਸਾਰੀਆਂ ਨੂੰ ਢਾਹੁਣ ਲਈ ਪੁਲਿਸ ਸਹਾਇਤਾ ਦੀ ਲੋੜ ਸੀ, ਦੀ ਬੇਨਤੀ ’ਤੇ ਕਰਵਾਈ ਕਰਦਿਆਂ ਢਾਹਿਆ ਗਿਆ ਹੈ। ਇਹ ਕਾਰਵਾਈ ਬੀਰੋ, ਸ਼ਿੰਦੇ ਅਤੇ ਸੰਤੋਸ਼ ਨਾਂ ਦੀਆਂ ਔਰਤਾਂ ਵਿਰੁੱਧ ਕੀਤੀ ਗਈ ਹੈ, ਜਿਨ੍ਹਾਂ ਖ਼ਿਲਾਫ਼ ਕਈ ਪਰਚੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਪਰਿਵਾਰ ਉੱਤੇ ਤਾਂ 14 ਪਰਚੇ ਦਰਜ ਹਨ।
ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਨਸ਼ਿਆਂ ਅਤੇ ਗੈਰ ਕਾਨੂੰਨੀ ਕਬਜ਼ਿਆਂ ਖਿਲਾਫ਼ ਕਾਰਵਾਈ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਗੈਰ- ਕਾਨੂੰਨੀ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਭਰੋਸਾ ਦਿਵਾਇਆ ਕਿ ਦੋਸ਼ੀਆ ਖਿਲਾਫ਼ ਤੁਰੰਤ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਕਿ ਜਾਂ ਤਾਂ ਨਸ਼ਾ ਤਸਕਰੀ ਛੱਡ ਕੇ ਕੋਈ ਹੋਰ ਕੰਮ ਕਰ ਲਓ, ਜਾਂ ਸਖ਼ਤ ਤੋਂ ਸਖ਼ਤ ਕਾਰਵਾਈ ਲਈ ਤਿਆਰ ਰਹੋ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਤਸ਼ਕਰਾਂ ਤੋਂ ਸਥਾਨਕ ਵਾਸੀ ਬੇਹੱਦ ਪ੍ਰੇਸ਼ਾਨ ਸਨ, ਜਿਸ ਲਈ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੀ ਇਸ ਕਾਰਵਾਈ ਦਾ ਸਵਾਗਤ ਕੀਤਾ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਨਸ਼ਿਆਂ ਨੂੰ ਖ਼ਤਮ ਕਰਨ ਲਈ ਕੀਤੇ ਜਾ ਰਹੇ ਇਨ੍ਹਾਂ ਉਪਰਾਲਿਆਂ ਦਾ ਸਵਾਗਤ ਕਰਦੇ ਹਨ।