ਪੀ.ਏ.ਯੂ. ਨੇ ਪਿੰਡ ਹਿਮਾਯੂੰਪੁਰਾ ਵਿਖੇ ਪੋਸ਼ਕ ਬਗੀਚੀ ਮਾਡਲ ਦੀ ਸਿਖਲਾਈ ਦਿੱਤੀ
ਲੁਧਿਆਣਾ 11 ਮਾਰਚ 2025 - ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹਿਮਾਯੂੰਪੁਰਾ ਵਿਖੇ ਰਸੋਈ ਬਗੀਚੀ ਮਾਡਲ ਪੇਂਡੂ ਲੋਕਾਂ ਵਿਚ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਸਿਖਲਾਈ ਕੈਂਪ ਆਯੋਜਿਤ ਕੀਤਾ। ਰਾਵੇ ਯੋਜਨਾ ਅਧੀਨ ਲਗਾਏ ਗਏ ਇਸ ਕੈਂਪ ਦੌਰਾਨ ਜਾਣਕਾਰੀ ਭਰਪੂਰ ਭਾਸ਼ਣਾਂ ਅਤੇ ਪ੍ਰਦਰਸ਼ਨੀਆਂ ਰਾਹੀਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪਿੰਡ ਵਾਸੀਆਂ ਨੂੰ ਚੰਗੀ ਸਿਹਤ ਅਤੇ ਪੋਸ਼ਣ ਲਈ ਘਰੇਲੂ ਪੱਧਰ ਤੇ ਤਾਜ਼ੀਆਂ ਸਬਜ਼ੀਆਂ ਉਗਾਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਰਸੋਈ ਬਗੀਚੀ ਦੇ ਆਰਥਿਕ ਅਤੇ ਸਿਹਤ ਸੰਬੰਧੀ ਫਾਇਦਿਆਂ ਦੇ ਨਾਲ-ਨਾਲ ਭੋਜਨ ਸੁਰੱਖਿਆ, ਬਿਹਤਰ ਪੋਸ਼ਣ ਅਤੇ ਖਰਚਿਆਂ ਨੂੰ ਘਟਾਉਣ ਉੱਪਰ ਵੀ ਜ਼ੋਰ ਦਿੱਤਾ ਗਿਆ।
ਡਾ. ਮਨਦੀਪ ਸ਼ਰਮਾ ਅਤੇ ਡਾ. ਮਨਜੋਤ ਕੌਰ ਨੇ ਇਸ ਦੌਰਾਨ ਪਿੰਡ ਵਾਸੀਆਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਉਹ ਪਰਿਵਾਰ ਦੀ ਸਿਹਤ ਨੂੰ ਰਸਾਇਣਾਂ ਤੋਂ ਮੁਕਤ ਅਤੇ ਪੋਸ਼ਣ ਭਰਪੂਰ ਸਬਜ਼ੀਆਂ ਨਾਲ ਬਿਹਤਰ ਬਨਾਉਣ ਲਈ ਇਸ ਮਾਡਲ ਨੂੰ ਅਪਣਾ ਸਕਦੇ ਹਨ। ਰਾਵੇ ਦੇ ਵਿਦਿਆਰਥੀਆਂ ਨੇ ਇਕ ਸਜੀਵ ਪ੍ਰਦਰਸ਼ਨ ਦੌਰਾਨ ਪੇਂਡੂਆਂ ਨੂੰ ਘਰ ਵਿਚ ਉੱਗੀਆਂ ਸਬਜ਼ੀਆਂ ਤੋਂ ਸਲਾਦ ਬਨਾਉਣ ਅਤੇ ਇਸ ਵਰਤੋਂ ਰੋਜ਼ਾਨਾ ਖੁਰਾਕ ਵਿਚ ਕਰਨ ਬਾਰੇ ਦੱਸਿਆ। ਇਸ ਦੌਰਾਨ ਸਿਖਲਾਈ ਵਿਚ ਭਾਗ ਲੈਣ ਵਾਲੇ ਪਿੰਡ ਵਾਸੀਆਂ ਨੂੰ ਰਸੋਈ ਬਗੀਚੀ ਦੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਵੰਡੀਆਂ ਗਈਆਂ। ਉਹਨਾਂ ਨੂੰ ਘਰੇਲੂ ਪੱਧਰ ਤੇ ਸਬਜ਼ੀਆਂ ਦੀ ਬਗੀਚੀ ਲਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਵੱਖ-ਵੱਖ ਮਸਲਿਆਂ ਬਾਰੇ ਉਹਨਾਂ ਦੇ ਸਵਾਲਾਂ ਦੇ ਜਵਾਬ ਮੌਕੇ ਤੇ ਦਿੱਤੇ ਗਏ।