ਲਹਿਰਾ ਬੇਗਾ ਦੇ ਸਰਕਾਰੀ ਹਾਈ ਸਕੂਲ ਨੂੰ ‘ਬੈੱਸਟ ਸਕੂਲ ਐਵਾਰਡ' ਮਿਲਣ 'ਤੇ ਖੁਸ਼ੀ ਦੀ ਲਹਿਰ
ਅਸ਼ੋਕ ਵਰਮਾ
ਬਠਿੰਡਾ ,10 ਮਾਰਚ 2025 :ਸਿੱਖਿਆ ਵਿਭਾਗ ਵਲੋਂ ਕਰਵਾਏ ਰਾਜ ਪੱਧਰੀ ਸਮਾਗਮ ਸਮੇਂ ਸੈਸ਼ਨ 2023-24 ਲਈ ਸਰਕਾਰੀ ਹਾਈ ਸਕੂਲ, ਲਹਿਰਾ ਬੇਗਾ ਨੂੰ ਰਾਜ ਪੱਧਰੀ 'ਬੈੱਸਟ ਸਕੂਲ' ਐਵਾਰਡ ਨਾਲ ਸਨਮਾਨਿਤ ਕਰਨ ਤੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਹ ਐਵਾਰਡ ਪ੍ਰਾਪਤ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਕੁਲਵਿੰਦਰ ਕਟਾਰੀਆ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਹੈ। ਇਸ ਐਵਾਰਡ ਤਹਿਤ ਸੀਨੀਅਰ ਸੈਕੰਡਰੀ ਸਕੂਲ ਨੂੰ 10 ਲੱਖ, ਹਾਈ ਸਕੂਲ ਨੂੰ 7.5 ਲੱਖ ਅਤੇ ਮਿਡਲ ਸਕੂਲ ਨੂੰ 5 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਬਠਿੰਡਾ ਜ਼ਿਲ੍ਹੇ ਵਿੱਚੋਂ ਮੋਹਰੀ ਰਹੇ ਸਰਕਾਰੀ ਹਾਈ ਸਮਾਰਟ ਸਕੂਲ, ਲਹਿਰਾ ਬੇਗਾ ਨੂੰ ਵੱਖ-ਵੱਖ ਪ੍ਰਾਪਤੀਆਂ ਅਤੇ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦੇ ਆਧਾਰ ਤੇ 7.5 ਲੱਖ ਰੁਪਏ ਦੀ ਰਾਸ਼ੀ ਅਤੇ ਸਨਮਾਨ ਪੱਤਰ ਨਾਲ਼ ਨਿਵਾਜਿਆ ਗਿਆ ਹੈ।
ਅੱਜ ਸਕੂਲ ਵਿੱਚ ਰੱਖੇ ਸੰਖੇਪ ਸਮਾਗਮ ਦੌਰਾਨ ਸਕੂਲ ਅਧਿਆਪਕਾਂ, ਵਿਦਿਆਰਥੀਆਂ ਅਤੇ ਗ੍ਰਾਮ ਪੰਚਾਇਤ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ। ਪਿੰਡ ਦੇ ਸਰਪੰਚ ਮੰਗਾ ਸਿੰਘ ਅਤੇ ਪ੍ਰਬੰਧਕਾਂ ਸਮੇਤ ਸਮੂਹ ਪਤਵੰਤਿਆਂ ਨੇ ਕੇਕ ਵੀ ਕੱਟਿਆ।ਸਰਪੰਚ ਮੰਗਾ ਸਿੰਘ ਨੇ ਕਿਹਾ ਕਿ ਮਾਣ ਵਾਲੀ ਗੱਲ ਕਿ ਸਕੂਲ ਵਿਦਿਆਰਥੀਆਂ ਨੂੰ ਹਰ ਪੱਖੋਂ ਆਧੁਨਿਕ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਅਤੇ ਸਰਕਾਰ ਨੇ ਇਸ ਨੂੰ ਬਿਹਤਰੀਨ ਹੋਣ ਦਾ ਦਰਜਾ ਦਿੰਦਿਆਂ ਹੈੱਡਮਾਸਟਰ ਕੁਲਵਿੰਦਰ ਕਟਾਰੀਆ ਅਤੇ ਸਮੂਹ ਸਟਾਫ਼ ਦੁਆਰਾ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ਼ ਕੀਤੇ ਉੱਦਮ 'ਤੇ ਮੋਹਰ ਲਗਾਈ ਹੈ। ਸਕੂਲ ਦੇ ਪੀ. ਟੀ. ਆਈ. ਅਧਿਆਪਕ ਜਗਦੀਪ ਸਿੰਘ ਨੇ ਪਿਛਲੇ ਸਾਲਾਂ ਦੌਰਾਨ ਸਕੂਲ ਵਿੱਚ ਆਈਆਂ ਸਕਾਰਾਤਮਕ ਤਬਦੀਲੀਆਂ ਦਾ ਜ਼ਿਕਰ ਕਰਦਿਆਂ ਨਵੀਂ ਅਤੇ ਪੁਰਾਣੀ ਨਗਰ ਪੰਚਾਇਤ ਦੇ ਨਾਲ਼ ਹੀ ਦਾਨੀ ਪਰਿਵਾਰਾਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਦੀ ਬਦੌਲਤ ਸਕੂਲ ਵਿਦਿਆਰਥੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਯੋਗ ਹੋਇਆ ਹੈ।
ਸਕੂਲ ਦੇ ਹੈੱਡਮਾਸਟਰ ਕੁਲਵਿੰਦਰ ਕਟਾਰੀਆ ਨੇ ਇਸ ਸਫਲਤਾ ਦਾ ਸਿਹਰਾ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨੂੰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਐਵਾਰਡ ਸਮੂਹ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਜੋਧਾ, ਸਾਬਕਾ ਚੇਅਰਮੈਨ ਗੁਰਦਰਸ਼ਨ ਸਿੰਘ, ਸਾਬਕਾ ਗੁਰਸੇਵਕ ਸਿੰਘ, ਰੇਸ਼ਮ ਸਿੰਘ ਮੈਂਬਰ, ਬੇਅੰਤ ਸਿੰਘ ਮੈਂਬਰ, ਸੁਖਪਾਲ ਸਿੰਘ ਮੈਂਬਰ, ਕਾਲਾ ਸਿੰਘ ਮੈਂਬਰ, ਸਿਵਰਾਜ ਸਿੰਘ, ਗੁਰਤੇਜ ਸਿੰਘ, ਅਮਰੀਕ ਸਿੰਘ, ਸਿਕੰਦਰ ਸਿੰਘ, ਰਾਜੂ ਸਿੰਘ , ਲਵਪ੍ਰੀਤ ਸਿੰਘ, ਬਿੱਟੂ ਸਿੰਘ, ਇਕਬਾਲ ਸਿੰਘ ਨੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਸਟਾਫ਼ ਵਿੱਚੋਂ ਰੇਸ਼ਮ ਸਿੰਘ, ਰੂਪ ਚੰਦ, ਰੁਪਿੰਦਰ ਸਿੰਘ, ਬੇਅੰਤ ਕੌਰ, ਕੁਲਦੀਪ ਕੌਰ, ਕਰੁਣਾ ਗਰਗ, ਅਮਨਦੀਪ ਕੌਰ, ਸ਼ਾਲੂ ਰਾਣੀ, ਸੋਨਿਕਾ ਜਿੰਦਲ, ਸ਼ਵੇਤਾ ਸ਼ਰਮਾ ਅਤੇ ਪ੍ਰਤਿਭਾ ਸ਼ਰਮਾ, ਮਨਪ੍ਰੀਤ ਕੌਰ ਅਤੇ ਕਿਰਨ ਬਾਲਾ ਹਾਜ਼ਰ ਸਨ। ਸਟੇਜ਼ ਸਕੱਤਰ ਦੀ ਭੂਮਿਕਾ ਅੰਗਰੇਜ਼ੀ ਮਿਸਟ੍ਰੈੱਸ ਸੁਧਾ ਨੇ ਨਿਭਾਈ।