ਸਨਾਤਨ ਚੇਤਨਾ ਮੰਚ ਹਨੁਮਾਨ ਚੌਂਕ ਵਿੱਚ ਕਰਾਏਗਾ ਹੋਲੀਕਾ ਦਹਿਣ ਸਮਾਗਮ
- ਰਾਤ ਸਾਢੇ ਗਿਆਰਾਂ ਵਜੇ ਤੋਂ ਬਾਅਦ ਹੋਵੇਗਾ ਹੋਲੀਕਾ ਦਹਿਣ
ਰੋਹਿਤ ਗੁਪਤਾ
ਗੁਰਦਾਸਪੁਰ 9 ਮਾਰਚ 2025 - ਸਨਾਤਨ ਚੇਤਨਾ ਮੰਚ ਦੀ ਇੱਕ ਮੀਟਿੰਗ ਸ਼੍ਰੀ ਕ੍ਰਿਸ਼ਨਾ ਮੰਦਰ ਮੰਡੀ ਗੁਰਦਾਸਪੁਰ ਦੇ ਹਾਲ ਵਿੱਚ ਹੋਈ ਜਿਸ ਵਿੱਚ ਫੈਸਲਾ ਲਿਆ ਗਿਆ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਹੋਲੀ ਤੇ ਮੰਚ ਵੱਲੋਂ ਹੋਲੀਕਾ ਦਹਿਣ ਸਮਾਗਮ ਧੂਮਧਾਮ ਨਾਲ ਕਰਾਇਆ ਜਾਏਗਾ।
ਮੀਟਿੰਗ ਤੋਂ ਬਾਅਦ ਸਨਾਤਨ ਚੇਤਨਾ ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਦੇ ਵਿਦਵਾਨਾਂ ਅਤੇ ਹਿੰਦੂ ਗ੍ਰੰਥਾਂ ਦਾ ਮੱਤ ਹੈ ਕਿ ਇਸ ਵਾਰ ਭਦਰਾ ਹੋਣ ਕਾਰਨ ਹੋਲੀਕਾ ਦਹਿਣ 13 ਮਾਰਚ ਨੂੰ ਰਾਤ ਸਾਢੇ ਗਿਆਰਾਂ ਵਜੇ ਤੋਂ ਬਾਅਦ ਹੀ ਕੀਤਾ ਜਾਣਾ ਚਾਹੀਦਾ ਹੈ, ਜਿਸ ਕਾਰਨ ਸਨਾਤਨ ਚੇਤਨਾ ਮੰਚ ਦੇ ਮੈਂਬਰਾਂ ਵੱਲੋਂ ਮੀਟਿੰਗ ਕਰਕੇ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਵਾਰ ਹੋਲੀਕਾ ਦਹਿਣ ਦਾ ਸਮਾਗਮ ਦੇਰ ਰਾਤ ਸਾਢੇ ਗਿਆਰਾਂ ਵਜੇ ਤੋਂ ਸ਼ੁਰੂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਵਾਰ ਵੀ ਇਹ ਸਮਾਗਮ ਹਨੂਮਾਨ ਚੌਂਕ ਵਿਖੇ ਹਨੂਮਾਨ ਮੰਦਰ ਦੇ ਬਾਹਰ ਕਰਵਾਇਆ ਜਾਏਗਾ। ਉਹਨਾਂ ਅਪੀਲ ਕੀਤੀ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਧ ਚੜ ਕੇ ਸ਼ਹਿਰ ਨਿਵਾਸੀ ਇਸ ਸਮਾਗਮ ਵਿੱਚ ਹਿੱਸਾ ਲੈਣ ਅਤੇ ਪਰਿਕਰਮਾ ਕਰਕੇ ਆਪਣੀ ਆਪਣੀ ਅਹੂਤੀ ਹੋਲੀਕਾ ਦਹਿਣ ਵਿੱਚ ਪਾਉਣ।
ਇਸ ਮੌਕੇ ਅਨਮੋਲ ਸ਼ਰਮਾ, ਜੁਗਲ ਕਿਸ਼ੋਰ, ਸੁਭਾਸ਼ ਭੰਡਾਰੀ, ਸੁਰਿੰਦਰ ਮਹਾਜਨ, ਪੰਡਿਤ ਵਿਸ਼ਨੂੰ ਹਨੂੰਮਾਨ ਮੰਦਰ, ਭਾਰਤ ਗਾਬਾ, ਰਿੰਕੂ ਮਹਾਜਨ, ਵਿਕਾਸ ਮਹਾਜਨ, ਵਿਸ਼ਾਲ ਅਗਰਵਾਲ ,ਅਮਿਤ ਭੰਡਾਰੀ ਅਤੇ ਸਨਾਤਨ ਚੇਤਨਾ ਮੰਚ ਦੇ ਹੋਰ ਮੈਂਬਰ ਵੀ ਹਾਜ਼ਰ ਸਨ।