ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦਾ ਸੂਬਾ ਜਥੇਬੰਦਕ ਇਜਲਾਸ ਸ਼ੁਰੂ
- ਕਾਰਪੋਰੇਟ ਹੱਲਿਆਂ ਦਾ ਟਾਕਰਾ ਕਰਨ ਲਈ ਵਿਸ਼ਾਲ ਏਕਤਾ ਅਤੇ ਸਾਂਝੇ ਘੋਲ਼ਾਂ ਦੀ ਲੋੜ: ਮਨਜੀਤ ਧਨੇਰ
- 'ਕੌਮੀ ਖੇਤੀ ਮੰਡੀਕਰਨ ਨੀਤੀ ਦਾ ਖਰੜਾ' ਰੱਦ ਕਰਵਾਉਣਾ ਸਮੇਂ ਦੀ ਵੱਡੀ ਲੋੜ: ਜੋਗਿੰਦਰ ਉਗਰਾਹਾਂ
- ਸਾਰੀਆਂ ਫ਼ਸਲਾਂ ਦੀ ਐਮਐਸਪੀ ਤੇ ਖ਼ਰੀਦ ਦੀ ਗਰੰਟੀ ਕਾਨੂੰਨ ਬਨਾਉਣਾ ਅਹਿਮ ਮੰਗ: ਨਿਰਭੈ ਸਿੰਘ ਢੁੱਡੀਕੇ
ਦਲਜੀਤ ਕੌਰ
ਮਸਤੂਆਣਾ ਸਾਹਿਬ, 22 ਫਰਵਰੀ, 2025: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਸੂਬਾ ਜਥੇਬੰਦਕ ਇਜਲਾਸ ਮਸਤੂਆਣਾ ਸਾਹਿਬ ਦੇ ਫਿਜ਼ੀਕਲ ਕਾਲਜ ਦੇ ਇਨਡੋਰ ਸਟੇਡੀਅਮ ਵਿੱਚ ਸ਼ੁਰੂ ਹੋ ਗਿਆ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਅਤੇ ਔਰਤਾਂ ਨਾਲ ਖਚਾ ਖਚ ਭਰੇ ਹੋਏ 'ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਹਾਲ' ਵਿੱਚ ਇਜਲਾਸ ਦੀ ਸ਼ੁਰੂਆਤ ਸ਼ਹੀਦਾਂ ਦੀ ਯਾਦ ਵਿੱਚ ਝੰਡਾ ਨੀਵਾਂ ਕਰ ਕੇ ਸ਼ਰਧਾਂਜਲੀ ਗੀਤ ਨਾਲ ਸ਼ੁਰੂ ਹੋਈ। ਸ਼ਰਧਾਂਜਲੀ ਗੀਤ 'ਚੜ੍ਹਨ ਵਾਲਿਓ ਹੱਕਾਂ ਦੀ ਭੇਂਟ ਉੱਤੇ' ਅਜਮੇਰ ਅਕਲੀਆ ਨੇ ਆਪਣੀ ਬੁਲੰਦ ਅਵਾਜ਼ ਵਿੱਚ ਪੇਸ਼ ਕੀਤਾ।
ਜਥੇਬੰਦੀ ਦਾ ਝੰਡਾ ਝੁਲਾਉਣ ਉਪਰੰਤ ਸਵਾਗਤੀ ਭਾਸ਼ਣ ਦਿੰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਇਜਲਾਸ ਵਿੱਚ ਸ਼ਾਮਲ ਹੋਏ ਭਰਾਤਰੀ ਜਥੇਬੰਦੀਆਂ ਦੇ ਆਗੂਆਂ, ਡੈਲੀਗੇਟਾਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਨੇ ਜਥੇਬੰਦੀ ਅੰਦਰ ਪਿਛਲੇ ਸਮੇਂ ਦੌਰਾਨ ਵਾਪਰੇ ਘਟਨਾਕ੍ਰਮ ਬਾਰੇ ਦੱਸਦਿਆਂ ਕਿਸਾਨਾਂ ਦੀ ਮੌਜੂਦਾ ਹਾਲਤ, ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀਆਂ ਕਿਸਾਨ-ਮਜਦੂਰ ਵਿਰੋਧੀ ਨੀਤੀਆਂ ਦੀ ਸੰਖੇਪ ਚਰਚਾ ਕਰਦਿਆਂ ਜਥੇਬੰਦੀ ਨੂੰ ਮਜਬੂਤ ਕਰਦਿਆਂ ਸਾਂਝੇ ਸੰਘਰਸ਼ਾਂ ਦਾ ਝੰਡਾ ਬੁਲੰਦ ਰੱਖਣ ਦੀ ਅਪੀਲ ਕੀਤੀ।
ਸੂਬਾ ਜਥੇਬੰਦਕ ਇਜਲਾਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਇਨਕਲਾਬੀ ਮਜ਼ਦੂਰ ਕੇਂਦਰ ਦੇ ਆਗੂ ਸੁਰਿੰਦਰ ਸਿੰਘ ਨੇ ਇਜਲਾਸ ਵਿੱਚ ਪਹੁੰਚ ਕੇ ਭਰਾਤਰੀ ਸੰਦੇਸ਼ ਦਿੱਤੇ। ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲ ਕਲਾਂ ਦੇ ਪ੍ਰਧਾਨ ਸਾਥੀ ਨਰਾਇਣ ਦੱਤ, ਕਿਸਾਨ ਕਮੇਟੀ ਦੋਆਬਾ ਵੱਲੋਂ ਹਰਬੰਸ ਸੰਘਾ ਅਤੇ ਮਜ਼ਦੂਰ ਅਧਿਕਾਰ ਸੰਘਰਸ਼ ਅਭਿਆਨ ਦੇ ਭਰਾਤਰੀ ਸੰਦੇਸ਼ ਲਿਖਤੀ ਰੂਪ 'ਚ ਪੜ੍ਹ ਕੇ ਸੁਣਾਏ ਗਏ। ਬੁਲਾਰਿਆਂ ਨੇ ਮੌਜੂਦਾ ਹਾਲਾਤਾਂ ਦੀ ਚਰਚਾ ਕਰਦਿਆਂ 'ਕੌਮੀ ਖੇਤੀ ਮੰਡੀਕਰਨ ਨੀਤੀ ਖਰੜਾ' ਰੱਦ ਕਰਵਾਉਣ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਅਤੇ ਸਾਰੀਆਂ ਫ਼ਸਲਾਂ ਦੀ ਐਮਐਸਪੀ ਤੇ ਖ੍ਰੀਦ ਦੀ ਗਰੰਟੀ ਦਾ ਕਾਨੂੰਨ ਬਣਵਾਉਣ ਲਈ ਸਾਂਝੇ ਘੋਲਾਂ ਦੀ ਲੋੜ 'ਤੇ ਜ਼ੋਰ ਦਿੰਦਿਆਂ ਜਥੇਬੰਦਕ ਇਜਲਾਸ ਲਈ ਸੰਗਰਾਮੀ ਸ਼ੁਭ ਇੱਛਾਵਾਂ ਭੇਂਟ ਕੀਤੀਆਂ। ਪਹਿਲੇ ਸੈਸ਼ਨ ਦੀ ਸਮਾਪਤੀ ਤੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਸਾਮਰਾਜੀ ਖੇਤੀ ਮਾਡਲ ਵੱਲੋਂ ਪੈਦਾ ਕੀਤੇ ਆਰਥਿਕ ਅਤੇ ਵਾਤਾਵਰਣਕ ਸੰਕਟ ਦੀ ਗੱਲ ਕੀਤੀ।
ਦੁਪਹਿਰ ਦੀ ਰੋਟੀ ਦੀ ਬਰੇਕ ਤੋਂ ਬਾਅਦ ਦੂਜਾ ਸੈਸ਼ਨ ਸ਼ਾਮ ਨੂੰ ਸਾਢੇ ਤਿੰਨ ਵਜੇ ਸ਼ੁਰੂ ਹੋਇਆ ਜਿਸ ਵਿੱਚ ਜਥੇਬੰਦੀ ਦੀ ਕਾਰਗੁਜ਼ਾਰੀ ਰਿਪੋਰਟ ਹਰਨੇਕ ਸਿੰਘ ਮਹਿਮਾ, ਅੰਗਰੇਜ਼ ਸਿੰਘ ਅਤੇ ਕੁਲਵੰਤ ਸਿੰਘ ਕਿਸ਼ਨਗੜ੍ਹ ਵੱਲੋਂ ਪੜ੍ਹੀ ਗਈ। ਤੀਜੇ ਸੈਸ਼ਨ ਵਿੱਚ ਉਪਰੰਤ ਡੈਲੀਗੇਟ ਕਾਰਗੁਜ਼ਾਰੀ ਰਿਪੋਰਟ ਦੇ ਸੰਬੰਧ ਵਿੱਚ ਵਿਚਾਰ ਚਰਚਾ ਕਰਨਗੇ ਅਤੇ ਆਪਣੇ ਸਵਾਲ ਸੂਬਾ ਕਮੇਟੀ ਨੂੰ ਨੋਟ ਕਰਵਾਉਣਗੇ।
ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ ਇਹ ਸੈਸ਼ਨ ਦੇਰ ਰਾਤ ਤੱਕ ਜਾਰੀ ਰਹੇਗਾ ਅਤੇ ਕੱਲ੍ਹ ਨੂੰ ਸਵੇਰ ਦੇ ਸੈਸ਼ਨ ਵਿੱਚ ਸੂਬਾ ਕਮੇਟੀ ਚੁਣਕੇ ਆਏ ਡੈਲੀ ਗੇਟਾਂ ਵੱਲੋਂ ਉਠਾਏ ਸਵਾਲਾਂ ਦੇ ਜਵਾਬ ਦੇਵੇਗੀ। ਉਪਰੰਤ ਨਵੀਂ ਸੂਬਾ ਕਮੇਟੀ ਦੀ ਚੋਣ ਹੋਵੇਗੀ। ਖਬਰ ਲਿਖੇ ਜਾਣ ਤੱਕ ਕਾਰਗੁਜ਼ਾਰੀ ਰਿਪੋਰਟ ਤੇ ਚਰਚਾ ਜਾਰੀ ਸੀ।