ਦੋ ਕਰੋੜ 13 ਲੱਖ ਰੁਪਏ ਗਰਾਂਟ ਮਿਲਣ ਦੇ ਬਾਵਜੂਦ ਪਿੰਡ ਦਾ ਹੋਇਆ ਬੁਰਾ ਹਾਲ, ਅਧਿਕਾਰੀ ਨਹੀਂ ਸੁਣਦੇ ਗੱਲ
- ਨਵੀਂ ਪੰਚਾਇਤ ਨੇ ਲਾਇਆ ਧਰਨਾ ਪ੍ਰਸ਼ਾਸਨ ਨੂੰ ਦਿੱਤਾ ਤਿੰਨ ਦਿਨ ਦਾ ਅਲਟੀਮੇਟਮ , ਕਿਹਾ ਕਰਾਂਗੇ ਹਾਈਵੇ ਜਾਮ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 22 ਫਰਵਰੀ 2025 - ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਭੁੱਲੇਚੱਕ ਦੀ ਪਿਛਲੀ ਪੰਚਾਇਤ ਨੂੰ ਪੰਜ ਸਾਲਾਂ ਦੌਰਾਨ 2 ਕਰੋੜ 13 ਲੱਖ ਦੀ ਗਰਾਂਟ ਪਿੰਡ ਦੇ ਵਿਕਾਸ ਲਈ ਮਿਲੀ ਸੀ ਪਰ ਨਵੀਂ ਬਣੀ ਪੰਚਾਇਤ ਦਾ ਦੋਸ਼ ਹੈ ਕਿ ਪਿੰਡ ਦਾ ਬੁਰਾ ਹਾਲ ਹੋਇਆ ਪਿਆ ਹੋਇਆ ਤੇ ਗਰਾਂਟ ਨਾਲ ਪਿੰਡ ਦਾ ਜਰਾ ਵੀ ਵਿਕਾਸ ਨਹੀਂ ਕਰਵਾਇਆ ਗਿਆ । ਗੁਰਦਾਸਪੁਰ ਰੋਡ ਤੋਂ ਪਿੰਡ ਨੂੰ ਜਾਣ ਵਾਲੀ ਸੜਕ ਦਾ ਬੁਰਾ ਹਾਲ ਹੋਇਆ ਪਿਆ ਹੈ ਤੇ ਬਾਰਿਸ਼ ਕਾਰਨ ਹੋਏ ਚਿੱਕੜ ਵਿੱਚ ਪਿੰਡ ਦੇ ਮਿਡਲ ਸਕੂਲ ਆਉਣ ਵਾਲੇ ਬੱਚਿਆਂ ਨੂੰ ਬਹੁਤ ਮੁਸ਼ਕਲਾ ਦਾ ਸਾਹਮਣਾ ਕਰਨਾ ਪਿਆ। ਸਰਪੰਚ ਬਲਵਿੰਦਰ ਸਿੰਘ ਪੰਚ, ਲਖਵਿੰਦਰ ਸਿੰਘ ਅਤੇ ਕੈਪਟਨ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਪਿੰਡ ਦੀਆਂ 19 ਗਲੀਆਂ ਬਿਲਕੁਲ ਕੱਚੀਆਂ ਹਨ ਅਤੇ ਨਾਲੀਆਂ ਵੀ ਨਹੀਂ ਬਣਾਈਆਂ ਗਈਆਂ।
ਜਦੋਂ ਉਹਨਾਂ ਨੇ ਗਰਾਂਟ ਬਾਰੇ ਪਿਛਲੀ ਪੰਚਾਇਤ ਕੋਲੋਂ ਹਿਸਾਬ ਮੰਗਿਆ ਤਾਂ ਉਹਨਾਂ ਹਿਸਾਬ ਨਹੀਂ ਦਿੱਤਾ ਗਿਆ ਕਿਜਿਸ ਤੇ ਮਜਬੂਰ ਹੋ ਕੇ ਉਹਨਾਂ ਨੂੰ ਆਰ ਟੀ ਆਈ ਰਾਹੀ ਚਾਰ ਸਾਲ ਦਾ ਹਿਸਾਬ ਕਢਵਾਉਣਾ ਪਿਆ ਪਰ ਇੱਕ ਸਾਲ ਦਾ ਰਿਕਾਰਡ ਹਜੇ ਵੀ ਨਹੀਂ ਮਿਲਿਆ । ਜਦੋਂ ਬੀਡੀਪੀਓ ਤੇ ਸੈਕਟਰੀ ਨੂੰ ਪਿੰਡ ਆ ਕੇ ਹਾਲਤ ਵੇਖਣ ਅਤੇ ਬਚੀ ਗਰਾਂਟ ਮੁਹਈਆ ਕਰਵਾਉਣ ਲਈ ਕਿਹਾ ਜਾਂਦਾ ਹੈ ਤਾਂ ਉਹ ਗੱਲ ਨਹੀਂ ਸੁਣਦੇ। ਹਾਲਾਂਕਿ ਪੰਚਾਇਤ ਵੱਲੋਂ ਪਿੰਡ ਦੇ ਵਿਕਾਸ ਤੇ ਕਾਫੀ ਪੈਸਾ ਗੁਰਦੁਆਰਾ ਸਾਹਿਬ ਤੋਂ ਉਧਾਰ ਲੈ ਕੇ ਅਤੇ ਪੰਚਾਇਤ ਮੈਂਬਰਾਂ ਵੱਲੋਂ ਨਿੱਜੀ ਤੌਰ ਤੇ ਖਰਚ ਕੀਤਾ ਗਿਆ ਪਰ ਇਸ ਤਰ੍ਹਾਂ ਪੂਰੇ ਪਿੰਡ ਦੀ ਹਾਲਤ ਸੁਧਾਰੀ ਨਹੀਂ ਜਾ ਸਕਦੀ । ਉਹਨਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਤਿੰਨ ਦਿਨਾਂ ਵਿੱਚ ਪਿੰਡ ਦੀ ਸਾਰ ਨਾ ਲਈ ਗਈ ਤਾਂ ਉਹ ਮੁਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਜਾਮ ਕਰਕੇ ਪ੍ਰਸ਼ਾਸਨ ਦੇ ਖਿਲਾਫ ਆਪਣੀ ਭੜਾਸ ਕੱਢਣਗੇ ।