ਗ੍ਰੀਨ ਫਿਊਚਰ ਮਿਸ਼ਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੰਨੋ ਵਿਖੇ ਕਰਵਾਇਆ ਪੇਂਟਿੰਗ ਮੁਕਾਬਲਾ
- ਵਿਦਿਆਰਥੀਆਂ ਨੇ ਚਿੱਤਰਕਾਰੀ ਰਾਹੀਂ ਪਿੰਡ ਦੀਆਂ ਵਾਤਾਵਰਣ ਸਮੱਸਿਆਵਾਂ ਦੀ ਕੀਤੀ ਨਿਸ਼ਾਨਦੇਹੀ
ਦਲਜੀਤ ਕੌਰ
ਭਵਾਨੀਗੜ੍ਹ, 22 ਫ਼ਰਵਰੀ, 2025: ਗ੍ਰੀਨ ਫਿਊਚਰ ਮਿਸ਼ਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੰਨੋ ਵਿਖੇ ਇੱਕ ਪੇਂਟਿੰਗ ਮੁਕਾਬਲਾ ਕਰਵਾਇਆ। ਵਿਦਿਆਰਥੀਆਂ ਨੂੰ ਪਿੰਡ ਦੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਜਾਗਰੂਕ ਕਰਨ ਲਈ ਇਸ ਪੇਂਟਿੰਗ ਮੁਕਾਬਲੇ ਦਾ ਵਿਸ਼ਾ "ਆਪਣਾ ਪਿੰਡ , ਆਪਣਾ ਵਾਤਾਵਰਣ, ਆਪਣੀ ਜ਼ਿੰਮੇਵਾਰੀ" ਰੱਖਿਆ ਗਿਆ। ਇਸ ਵਿੱਚ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਜਿਹਨਾਂ ਨੇ ਆਪਣੀ ਕਲਾਕਾਰੀ ਰਾਹੀਂ ਵਾਤਾਵਰਣ ਨੂੰ ਬਚਾਉਣ ਦੇ ਨਵੇਂ ਤਰੀਕੇ ਪੇਸ਼ ਕੀਤੇ।
ਇਸ ਮੌਕੇ ਗ੍ਰੀਨ ਫਿਊਚਰ ਮਿਸ਼ਨ ਦੇ ਸਕੱਤਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਸ ਮੁਕਾਬਲੇ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਕਲਾ ਰਾਹੀਂ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਜਲਵਾਯੂ ਤਬਦੀਲੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਉਤਸ਼ਾਹਿਤ ਕਰਨਾ ਸੀ। ਓਹਨਾਂ ਕਿਹਾ ਕਿ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਸੰਸਥਾ ਦੇ ਕੌਂਸਲਰ ਇਸ਼ਮੀਤ ਕੌਰ ਨੇ ਵਿਦਿਆਰਥੀਆਂ ਨੂੰ ਆਪਣੇ ਘਰ, ਪਿੰਡ ਅਤੇ ਆਲੇ ਦੁਆਲੇ ਦੀ ਸਫ਼ਾਈ ਰੱਖਣ ਬਾਰੇ ਜਾਗਰੂਕ ਕੀਤਾ ਅਤੇ ਪ੍ਰਦੂਸ਼ਣ ਦੇ ਮਾੜੇ ਅਸਰ ਤੋਂ ਜਾਣੂ ਕਰਵਾਇਆ। ਉਹਨਾਂ ਨੂੰ ਵੱਖ ਵੱਖ ਗਤੀਵਿਧੀਆਂ ਰਾਹੀਂ ਪ੍ਰਦੂਸ਼ਣ ਦੇ ਮਾੜੇ ਅਸਰ ਬਾਰੇ ਸਮਝਾਇਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਪੇਂਟਿੰਗ ਮੁਕਾਬਲੇ ਦੇ ਵਿਸ਼ੇ ਤੋਂ ਜਾਣੂ ਕਰਵਾਇਆ ਗਿਆ।
ਇਸ ਮੌਕੇ 'ਤੇ ਬੋਲਦਿਆਂ, ਗ੍ਰੀਨ ਫਿਊਚਰ ਮਿਸ਼ਨ ਦੀ ਵਾਤਾਵਰਣ ਸੰਭਾਲ ਕਮੇਟੀ ਦੇ ਮੈਂਬਰ ਗੁਰਜਿੰਦਰ ਸਿੰਘ ਮਿੰਟੂ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਦੇ ਮੁੱਦਿਆਂ ਪ੍ਰਤੀ ਜ਼ਿੰਮੇਵਾਰੀ ਹੋਣ ਲਈ ਪ੍ਰੇਰਿਤ ਕੀਤਾ। ਉਹਨਾਂ ਆਪਣੇ ਖੇਤੀ ਦੇ ਸਫ਼ਲ ਤਜ਼ਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ।
ਪੇਂਟਿੰਗ ਮੁਕਾਬਲੇ ਵਿੱਚ ਬੈਸਟ ਆਈਡੀਆ ਲਈ ਰਜਨੀ ਕੌਰ ਅਤੇ ਸ਼ਗਨ, ਬੈਸਟ ਟੈਗਲਾਈਨ ਲਈ ਅੰਜਲੀ, ਬੈਸਟ ਪ੍ਰੈਸੈਂਟੇਸ਼ਨ ਲਈ ਹਰਪ੍ਰੀਤ ਕੌਰ ਅਤੇ ਸਪੈਸ਼ਲ ਮੈਨਸ਼ਨ ਲਈ ਰਾਜਵੀਰ ਕੌਰ, ਪਲਕ, ਨਵਨੀਤ ਕੌਰ, ਸੋਨੀਆ ਅਤੇ ਜਸਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਸਾਰੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਸਕੂਲ ਦੇ ਪ੍ਰਿੰਸੀਪਲ ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਗ੍ਰੀਨ ਫਿਊਚਰ ਮਿਸ਼ਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ, ਗ੍ਰੀਨ ਫਿਊਚਰ ਮਿਸ਼ਨ ਦੇ ਸਾਹਿਲਦੀਪ ਸਿੰਘ ਅਤੇ ਡਿੰਪਲ ਹਾਜ਼ਰ ਸਨ।