ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਵਿਚ 10 ਸੇਵਾਕਰਮੀ ਉੱਤਮਤਾ ਅਵਾਰਡ ਨਾਲ ਸਨਮਾਨਿਤ
ਬੰਗਾ 22 ਫਰਵਰੀ () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਵੱਖ ਵੱਖ ਅਦਾਰਿਆਂ ਵਿਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਸੇਵਾਕਰਮੀਆਂ ਨੂੰ ਸਾਲਾਨਾ ਸੇਵਾ ਉੇੱਤਮਤਾ ਐਵਾਰਡ 2024-25 ਨਾਲ ਸਨਮਾਨਿਤ ਕੀਤਾ ਗਿਆ । ਗੁਰੂ ਨਾਨਕ ਕਾਲਜ ਆਫ ਨਰਸਿੰਗ ਵਿਖੇ ਹੋਏ ਸਨਮਾਨ ਸਮਾਗਮ ਵਿਚ ਮੈਡੀਕਲ ਅਫਸਰ ਡਾ. ਸੁਰੇਸ਼ ਬਸਰਾ ਮੈਡੀਕਲ ਅਫ਼ਸਰ, ਰਾਜ ਰਾਣੀ ਸਫਾਈ ਸੇਵਕ, ਮਹਿੰਦਰ ਸਿੰਘ ਸਕਿਉਰਿਟੀ ਗਾਰਡ, ਪਰਮਿੰਦਰ ਕੌਰ ਸਟਾਫ ਨਰਸ , ਕਾਬਲ ਸਿੰਘ ਢਿੱਲੋਂ ਸਕੂਲ ਡਰਾਈਵਰ, ਅਮਨਦੀਪ ਕੌਰ ਨਰਸਿੰਗ ਏਡ, ਮਨਪ੍ਰੀਤ ਕੌਰ ਨਰਸਿੰਗ ਅਧਿਆਪਕ, ਰਾਜ ਰਾਣੀ ਇੰਚਾਰਜ ਪੈਥਲੋਜੀ ਲੈਬ, ਪਰਮਜੀਤ ਕੌਰ ਪੰਜਾਬੀ ਅਧਿਆਪਕ ਅਤੇ ਰਾਜ ਬਹਾਦਰ ਯਾਦਵ ਸੇਵਾਦਾਰ ਨੂੰ ਆਪੋ ਆਪਣੀਆਂ ਸੰਸਥਾਵਾਂ ਵਿਚ ਕੀਤੀਆਂ ਸ਼ਾਨਦਾਰ ਸੇਵਾਵਾਂ ਲਈ ਸਾਲਾਨਾ ਸੇਵਾ ਉੇੱਤਮਤਾ ਐਵਾਰਡ 2024-25 ਸਰਟੀਫੀਕੇਟ, ਵਿਸ਼ੇਸ਼ ਗੁੱਟ ਘੜੀ ਭੇਟ ਕਰਕੇ ਅਤੇ ਕਾਲਰ ਪਿੰਨ ਲਗਾ ਕੇ ਸਨਮਾਨਿਤ ਕੀਤਾ ਗਿਆ । ਸਨਮਾਨ ਸਮਾਗਮ ਵਿਚ ਟਰੱਸਟ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਬਾਹੜੋਵਾਲ ਅਤੇ ਸੀਨੀਅਰ ਮੈਂਬਰ ਸੁਰਿੰਦਰਪਾਲ ਸਿੰਘ ਥੰਮਣਵਾਲ ਸਾਬਕਾ ਮੰਤਰੀ ਪੰਜਾਬ ਦਾ ਉਨ੍ਹਾਂ ਦੀ ਟਰੱਸਟ ਪ੍ਰਤੀ ਕੀਤੀਆ ਜਾ ਰਹੀਆਂ ਸ਼ਾਨਦਾਰ ਨਿਸ਼ਕਾਮ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਸਾਧੜਾ ਯੂ ਕੇ ਨੇ ਸਮੂਹ ਟਰੱਸਟ ਮੈਬਰਾਂ ਵੱਲੋਂ ਸੇਵਾਕਰਮੀਆਂ ਨੂੰ ਸਨਮਾਨ ਕਰਨ ਦੀ ਰਸਮ ਅਦਾ ਕੀਤੀ ।
ਸਮਾਗਮ ਵਿਚ ਸੰਬੋਧਨ ਕਰਦੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨੇ ਕਿਹਾ ਕਿ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਨੇ ਸਾਲ 1979 ਵਿਚ ਦੇਸ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਢਾਹਾਂ ਕਲੇਰਾਂ ਵਿਖੇ ਸੰਸਥਾਵਾਂ ਸਥਾਪਿਤ ਕੀਤੀਆਂ , ਜਿਹਨਾਂ ਦੀ ਕਾਮਯਾਬੀ ਲਈ ਇਹਨਾਂ ਸਨਮਾਨਿਤ ਸੇਵਾਕਰਮੀਆਂ ਅਤੇ ਸੀਨੀਅਰ ਟਰੱਸਟੀਆਂ ਦਾ ਵਿਸ਼ੇਸ਼ ਯੋਗਦਾਨ ਹੈ । ਉਹਨਾਂ ਢਾਹਾਂ ਕਲੇਰਾਂ ਵਿਖੇ ਚੱਲਦੇ ਗੁਰੂ ਨਾਨਕ ਮਿਸ਼ਨ ਹਸਪਤਾਲ, ਗੁਰੂ ਨਾਨਕ ਕਾਲਜ ਆਫ ਨਰਸਿੰਗ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੂੰ ਬੁਲੰਦੀਆਂ 'ਤੇ ਪੁੰਹਚਾਉਣ ਲਈ ਦਾਨੀਆਂ ਅਤੇ ਸਟਾਫ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਹਾਰਦਿਕ ਧੰਨਵਾਦ ਵੀ ਕੀਤਾ ।
ਟਰੱਸਟ ਦੇ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਨੇ ਸਨਮਾਨਿਤ ਹਸਤੀਆਂ ਨੂੰ ਸਮੂਹ ਟਰੱਸਟ ਵੱਲੋਂ ਵਧਾਈਆਂ ਦਿੱਤੀਆਂ ਅਤੇ ਸਨਮਾਨਿਤ ਸੇਵਾਕਰਮੀਆਂ ਅਤੇ ਟਰੱਸਟ ਮੈਂਬਰਾਂ ਵੱਲੋਂ ਗੁਰੂ ਨਾਨਕ ਮਿਸ਼ਨ ਲਈ ਕੀਤੇ ਸੇਵਾ ਕਾਰਜਾਂ ਬਾਰੇ ਵੀ ਚਾਨਣਾ ਪਾਇਆ । ਇਸ ਮੌਕੇ ਸੰਬੋਧਨ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਨਮਾਨਿਤ ਪੰਜਾਬੀ ਅਧਿਆਪਕਾ ਪਰਮਜੀਤ ਕੌਰ ਨੇ ਸਨਮਾਨਿਤ ਸੇਵਾ ਕਰਮੀਆਂ ਵੱਲੋਂ ਸਾਲਾਨਾ ਸੇਵਾ ਉੇੱਤਮਤਾ ਐਵਾਰਡ ਨਾਲ ਸਨਮਾਨ ਪ੍ਰਦਾਨ ਕਰਨ ਲਈ ਟਰੱਸਟ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ । ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਹੋਏ ਸਨਮਾਨ ਸਮਾਗਮ ਵਿੱਚ ਅਮਰਜੀਤ ਸਿੰਘ ਕਲੇਰਾਂ ਸਕੱਤਰ, ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਸੀਤਲ ਸਿੰਘ ਸਿੱਧੂ ਸੀਨੀਅਰ ਟਰੱਸਟ ਮੈਂਬਰ, ਪ੍ਰੌ: ਹਰਬੰਸ ਸਿੰਘ ਡਾਇਰੈਕਟਰ ਸਿੱਖਿਆ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ, ਡਾ. ਸੁਰਿੰਦਰ ਕੌਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਰਮਨਦੀਪ ਕੌਰ ਵਾਈਸ ਪ੍ਰਿੰਸੀਪਲ, ਮਹਿੰਦਰਪਾਲ ਸਿੰਘ ਸੁਪਰਡੈਂਟ ਟਰੱਸਟ, ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਤੋਂ ਇਲਾਵਾ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਸਟਾਫ ਤੋਂ ਇਲਾਵਾ ਟਰੱਸਟ ਸਟਾਫ ਵੀ ਹਾਜ਼ਰ ਸੀ । ਇਸ ਮੌਕੇ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ ਨੇ ਮੰਚ ਸੰਚਾਲਨ ਦੀ ਸੇਵਾ ਬਾਖੂਭੀ ਨਿਭਾਈ ।