ਰਾਜਨੀਤਿਕ ਪਾਰਟੀਆਂ ਦੇ ਪ੍ਤੀਨਿਧੀਆਂ ਨੂੰ ਬੀ.ਐਲ.ਏ. ਦੀ ਨਿਯੁਕਤੀ ਸਬੰਧੀ ਦਿੱਤੀ ਜਾਣਕਾਰੀ
ਹੁਸ਼ਿਆਰਪੁਰ, 22 ਫਰਵਰੀ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੇ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਚੋਣ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਬੂਥ ਲੈਵਲ ਏਜੰਟ (ਬੀ.ਐਲ.ਏ) ਦੀ ਨਿਯੁਕਤੀ ਪ੍ਰਕਿਰਿਆ ਅਤੇ ਇਸ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਜ਼ਿਲ੍ਹਾ ਚੋਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸਾਰੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਬੀ.ਐਲ.ਏ. ਨਿਯੁਕਤ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਇਸ ਦਾ ਮੰਤਵ ਚੋਣ ਸੂਚੀ ਦੀਆਂ ਤਿਆਰੀਆਂ ਅਤੇ ਸ਼ੁੱਧੀਕਰਨ ਪ੍ਰਕਿਰਿਆ ਵਿਚ ਪਾਰਦਰਸ਼ਤਾ ਯਕੀਨੀ ਬਣਾਉਣ ਹੈ। ਇਸ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਦੱਸਿਆ ਗਿਆ ਕਿ ਹਰੇਕ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਆਪਣੇ ਪ੍ਰਧਾਨ ਅਤੇ ਸਕੱਤਰ ਰਾਹੀਂ ਜ਼ਿਲ੍ਹਾ ਪ੍ਰਤੀਨਿਧੀ ਅਤੇ ਵਿਧਾਨ ਸਭਾ ਪੱਧਰ ’ਤੇ ਕਿਸੇ ਪਾਰਟੀ ਮੈਂਬਰ ਨੂੰ ਬੀ.ਐਲ.ਏ. ਨਿਯੁਕਤ ਕਰਨ ਲਈ ਅਧਿਕਾਰਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਰੇਕ ਰਾਜਨੀਤਿਕ ਪਾਰਟੀ ਇਕ ਤੋਂ ਵੱਧ ਵਿਅਕਤੀਆਂ ਨੂੰ ਬੀ.ਐਲ.ਏ. ਦੇ ਰੂਪ ਵਿਚ ਅਧਿਕਾਰਤ ਕਰ ਸਕਦਾ ਹੈ ਪਰੰਤੂ ਉਹ ਸਬੰਧਤ ਚੋਣ ਹਲਕੇ ਦੇ ਵੋਟਰ ਹੋਣ। ਬੀ.ਐਲ.ਏ. ਨੂੰ ਵੋਟਰ ਸੂਚੀ ਦੇ ਨਿਧਾਰਤ ਹਿੱਸੇ ਦੀ ਡਰਾਫ਼ਟ ਕਾਪੀ ਬੂਥ ਲੈਵਲ ਅਧਿਕਾਰੀ ਤੋਂ ਪ੍ਰਾਪਤ ਕਰਨੀ ਹੋਵੇਗੀ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਵੋਟਰ ਸੂਚੀ ਦੇ ਹਰੇਕ ਹਿੱਸੇ ਲਈ ਇਕ ਬੀ.ਐਲ.ਏ. ਨਿਯੁਕਤ ਕੀਤਾ ਜਾ ਸਕਦਾ ਹੈ ਅਤੇ ਉਹ ਇਸ ਹਿੱਸੇ ਦਾ ਰਜਿਸਟਰਡ ਵੋਟਰ ਹੋਣਾ ਚਾਹੀਦਾ ਹੈ। ਜੇਕਰ ਇਕ ਹੀ ਇਮਾਰਤ ਵਿਚ ਕਈ ਵੋਟ ਕੇਂਦਰ ਹਨ ਤਾਂ ਇਕ ਬੀ.ਐਲ.ਏ ਨੂੰ ਇਕ ਤੋਂ ਵੱਧ ਹਿੱਸੇ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਬੀ.ਐਲ.ਏ. ਦੀ ਨਿਯੁਕਤੀ ਉਦੋਂ ਤੱਕ ਮਾਨਤਾ ਰਹੇਗੀ ਜਦ ਤੱਕ ਸਬੰਧਤ ਰਾਜਨੀਤਿਕ ਪਾਰਟੀਆਂ ਉਸ ਨੂੰ ਬਦਲਣ ਦਾ ਫੈਸਲਾ ਨਹੀਂ ਲੈਂਦੀ ਜਾਂ ਇਹ ਵੋਟਰ ਸੂਚੀ ਤੋਂ ਬਾਹਰ ਨਹੀਂ ਹੋ ਜਾਂਦਾ।
ਜ਼ਿਲ੍ਹਾ ਚੋਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ, ਅਰਧ-ਸਰਕਾਰੀ, ਜਨਤਕ ਅਦਾਰਿਆਂ ਵਿਚ ਕੰਮ ਕਰਨ ਵਾਲੇ ਵਿਅਕਤੀ ਬੀ.ਐਲ.ਏ. ਨਹੀਂ ਬਣ ਸਕਦੇ। ਬੀ.ਐਲ.ਏ. ਦੀ ਨਿਯੁਕਤੀ ਪੱਤਰ ਨਿਰਧਾਰਤ ਪ੍ਰਫਾਰਮੇ ਵਿਚ ਬੂਥ ਲੈਵਲ ਅਫ਼ਸਰ ਨੂੰ ਸੌਂਪਣਾ ਹੋਵੇਗਾ। ਮੀਟਿੰਗ ਵਿਚ ਮੌਜੂਦ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੇ ਇਸ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਵਿਚ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਤੋਂ ਲਖਵਿੰਦਰ ਸਿੰਘ ਲੱਖੀ, ਭਾਜਪਾ ਤੋਂ ਭੂਸ਼ਨ ਕੁਮਾਰ ਸ਼ਰਮਾ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਰਜਨੀਸ਼ ਟੰਡਨ, ਸੀ.ਪੀ.ਆਈ. (ਐਮ) ਤੋਂ ਬਲਵਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਤੋਂ ਜਸਪਾਲ ਸਿੰਘ ਮੌਜੂਦ ਸਨ।