ਸਾਹਿੱਤ ਦੀ ਰੂਹ ਨੂੰ ਸਮਰਪਿਤ ਸੀ ਜੀ ਸੀ ਮੋਹਾਲੀ ਦੇ 'ਸਾਹਿਤਿਅਮ 2025' ਵਿਚ ਬੱਬੂ ਤੀਰ ਵੱਲੋਂ ਮਾਣਮੱਤੇ ਪੰਜਾਬ ਸਾਹਿੱਤ ਤੇ ਚਰਚਾ ਕੀਤੀ
ਨਵੀ ਪੀੜੀ ਲਈ ਪੰਜਾਬੀ ਸਾਹਿੱਤ ਨੂੰ ਜਾਣਨਾ ਜ਼ਰੂਰੀ- ਬੱਬੂ ਤੀਰ
ਮੋਹਾਲੀ, 21 ਫਰਵਰੀ 2025 - ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਮੋਹਾਲੀ, ਝੰਜੇੜੀ ਵਿਖੇ ਆਯੋਜਿਤ ਸਾਹਿਤਿਅਮ 2025 ਦੇ ਅਖੀਰਲੇ ਦਿਨ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਸਾਹਿੱਤ ਨਾਲ ਜੁੜੀਆਂ ਅਹਿਮ ਹਸਤੀਆਂ ਨੇ ਸ਼ਿਰਕਤ ਕਰਦੇ ਹੋਏ ਨੌਜਵਾਨਾਂ ਨੂੰ ਅਮੀਰ ਵਿਰਸੇ ਨਾਲ ਜਾਣੂ ਕਰਵਾਇਆ। ਇਸ ਮੌਕੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਯਾਨੀ ਪੀ.ਪੀ.ਐੱਸ.ਸੀ ਦੀ ਐਡੀਸ਼ਨਲ ਚੇਅਰਮੈਨ ਬੱਬੂ ਤੀਰ ਨੇ ਪੰਜਾਬੀ ਸਾਹਿੱਤ ਦੇ ਇਤਿਹਾਸ, ਇਸ ਦੇ ਦਾਰਸ਼ਨਿਕ ਪਹਿਲੂਆਂ, ਅਤੇ ਨਵੀਂ ਪੀੜੀ ਲਈ ਇਸ ਦੀ ਮਹੱਤਤਾ ਉੱਪਰ ਸੰਜੀਦਾ ਅਤੇ ਜਾਣਕਾਰੀ ਭਰਪੂਰ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਬੱਬੂ ਤੀਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਯਾਨੀ ਪੀ.ਪੀ.ਐੱਸ.ਸੀ ਦੇ ਐਡੀਸ਼ਨਲ ਚੇਅਰਮੈਨ ਹਨ। ਉਨਾਂ ਨੇ ਪੰਜਾਬੀ ਸਾਹਿੱਤ ਅਤੇ ਸਭਿਆਚਾਰ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨਾਂ ਦੀ ਇਕ ਅਗਾਂਹ ਵਧੂ ਸੋਚ ਦੇ ਵਿਦਵਾਨ ਅਤੇ ਸਮਾਜਿਕ ਚੇਤਨਾ ਦੇ ਨਿਰਮਾਣ ਵਿਚ ਸਾਹਿੱਤ ਦੀ ਭੂਮਿਕਾ ਬਾਰੇ ਵਿਚਾਰ ਪ੍ਰਗਟ ਕਰਨ ਲਈ ਜਾਣਿਆ ਜਾਂਦਾ ਹੈ।ਇਸ ਦੇ ਨਾਲ ਹੀ ਉਨਾਂ ਨੌਜਵਾਨ ਪੀੜੀ ਨੂੰ ਆਪਣੀ ਭਾਸ਼ਾਈ ਵਿਰਾਸਤ ਨੂੰ ਸਵੀਕਾਰ ਕਰਨ ਲਈ ਪ੍ਰੇਰਿਤ ਕੀਤਾ ਹੈ।

ਇਸ ਮੌਕੇ ਤੇ ਬੱਬੂ ਤੀਰ ਨੇ ਜ਼ੋਰ ਦੇਂਦੇ ਹੋਏ ਕਿਹਾ ਕਿ ਪੰਜਾਬੀ ਸਾਹਿੱਤ ਕੇਵਲ ਸ਼ਬਦਾਂ ਦਾ ਸੰਗ੍ਰਹਿ ਨਹੀਂ, ਸਗੋਂ ਇਹ ਸਾਡੇ ਸਮਾਜ ਦੀ ਰੂਹ, ਦਰਸ਼ਨ, ਅਤੇ ਕ੍ਰਾਂਤੀਕਾਰੀ ਚੇਤਨਾ ਦਾ ਪ੍ਰਤੀਕ ਹੈ। ਉਨਾਂ ਨੇ ਨੌਜਵਾਨਾਂ ਨੂੰ ਆਪਣੀ ਭਾਸ਼ਾਈ ਵਿਰਾਸਤ ਨੂੰ ਸੰਭਾਲਣ ਅਤੇ ਸਾਹਿੱਤ ਨੂੰ ਅਮਰ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਤੇ ਬੱਬੂ ਤੀਰ ਨੇ ਆਪਣੇ ਭਾਸ਼ਣ ਵਿਚ ਕਵਿਤਾਵਾਂ ਅਤੇ ਇਤਿਹਾਸਕ ਸਬੂਤਾਂ ਦੇ ਜ਼ਰੀਏ ਪੰਜਾਬੀ ਸਾਹਿੱਤ ਦੀ ਸ਼ਕਤੀ ਨੂੰ ਸਰੋਤਿਆਂ ਸਾਹਮਣੇ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਪੈਨਲ ਚਰਚਾ ਵਿਚ ਇਕ ਸ਼ਾਮ ਪੱਤਰ ਦੇ ਨਾਮ' ਡਾ. ਹਰਦੇਵ ਸਿੰਘ ਐੱਚ.ਓ.ਡੀ., ਧਾਰਮਿਕ ਅਧਿਐਨ ਵਿਭਾਗ, ਗੁਰੁ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਡਾ. ਸਿਕੰਦਰ ਸਿੰਘ ਐੱਚ.ਓ.ਡੀ., ਪੰਜਾਬੀ ਵਿਭਾਗ, ਗੁਰੁ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਅਤੇ ਪ੍ਰੋ. ਰਾਓ ਧਨੇਸਵਰ ਸਹਾਇਕ ਪ੍ਰੋਫੈਸਰ, ਸਰਕਾਰੀ ਕਾਲਜ, ਚੰਡੀਗੜ ਨੇ ਵੀ ਪੰਜਾਬੀ ਸਾਹਿੱਤ ਦੇ ਸਮਕਾਲੀ ਸੰਬੰਧਾਂ ਅਤੇ ਇਸ ਦੇ ਸਦੀਵੀ ਸੁਭਾਅ ਉੱਤੇ ਪ੍ਰਕਾਸ਼ ਪਾਇਆ।
'ਸਾਹਿਤਿਅਮ 2025 ਨੇ ਸਾਹਿੱਤਿਕ ਚਰਚਾ ਨੂੰ ਇੱਕ ਸਾਂਸਕ੍ਰਿਤਿਕ ਲਹਿਰ ਦਾ ਰੂਪ ਦਿੱਤਾ। ਇਸ ਮੌਕੇ ਸਾਹਿੱਤ ਪ੍ਰਤੀ ਨੌਜਵਾਨ ਪੀੜੀ ਵਿਚ ਉਤਸ਼ਾਹ ਜਗਾਉਣ ਦੇ ਨਾਲ-ਨਾਲ, ਪੰਜਾਬੀ ਭਾਸ਼ਾ ਦੀ ਸੰਭਾਲ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ । ਸੀ.ਜੀ.ਸੀ. ਮੋਹਾਲੀ ਦੇ ਪ੍ਰਬੰਧਨ ਨੇ ਇਸ ਸਮਾਗਮ ਰਾਹੀਂ ਆਪਣੀ ਸਭਿਆਚਾਰਕ ਵਿਰਾਸਤ ਨੂੰ ਸਮਰਪਿਤ ਹੋਣ ਦੀ ਪਹਿਚਾਣ ਕਰਵਾਈ। ਇਸ ਮੌਕੇ ਸੀ ਜੀ ਸੀ ਮੈਨੇਜਮੈਂਟ ਬੱਬੂ ਤੀਰ, ਐਡੀਸ਼ਨਲ ਚੇਅਰਮੈਨ, ਪੀ.ਪੀ.ਐੱਸ.ਸੀ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਨਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਸਾਹਿੱਤ ਦੇ ਮਹੱਤਵ ਨੂੰ ਸਾਂਝਾ ਕੀਤਾ।
ਸੀ ਜੀ ਸੀ ਮੋਹਾਲੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਕਿਹਾ ਕਿ ਇਹ ਸਮਾਗਮ ਸਿਰਫ਼ ਇੱਕ ਚਰਚਾ ਨਹੀਂ ਸਗੋਂ ਪੰਜਾਬੀ ਸਾਹਿੱਤ ਦੀ ਅਮਰ ਜੋਤ ਨੂੰ ਜਗਦੀ ਰੱਖਣ ਦਾ ਇੱਕ ਸੰਕਲਪ ਸੀ। ਜਿਸ ਵਿਚ ਬੱਬੂ ਤੀਰ ਸਮੇਤ ਹੋਰ ਵਿਦਵਾਨਾਂ ਦੀਆਂ ਸੋਚਾਂ ਨੇ ਸਾਰਿਆਂ ਨੂੰ ਪ੍ਰੇਰਿਤ ਕਰਦੇ ਹੋਏ ਦੱਸਿਆਂ ਕਿ ਸਾਹਿੱਤ ਨੂੰ ਸਿਰਫ਼ ਪੜਿਆ ਨਹੀਂ, ਸਗੋਂ ਮਹਿਸੂਸ ਕਰਨਾ ਜਾਣਾ ਚਾਹੀਦਾ ਹੈ।