ਸਾਈ ਅਕੈਡਮੀ ਕੁਰੂਕਸ਼ੇਤਰ ਨੇ ਜਿੱਤਿਆ ਗੁਰਦਾਸਪੁਰ ਯੂਨੀਅਰ ਹਾਕੀ ਗੋਲਡ ਕੱਪ
ਚੇਅਰਮੈਨ ਰਮਨ ਬਹਿਲ ਨੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ
ਰੋਹਿਤ ਗੁਪਤਾ
ਗੁਰਦਾਸਪੁਰ, 17 ਫਰਵਰੀ 2025- ਨਿਊ ਗੁਰਦਾਸਪੁਰ ਹਾਕੀ ਕਲੱਬ ਵੱਲੋਂ ਸਰਕਾਰੀ ਕਾਲਜ ਦੇ ਹਾਕੀ ਮੈਦਾਨ ਵਿੱਚ ਕਰਵਾਇਆ ਗਿਆ 11 ਵਾਂ ਆਲ ਇੰਡੀਆ ਗੁਰਦਾਸਪੁਰ ਯੂਨੀਅਰ ਹਾਕੀ ਗੋਲਡ ਕੱਪ ਸਾਈ ਹਾਕੀ ਅਕੈਡਮੀ ਕੁਰੂਕਸ਼ੇਤਰ ਦੀ ਟੀਮ ਨੇ ਨਿਊ ਗੁਰਦਾਸਪੁਰ ਹਾਕੀ ਕਲੱਬ ਦੀ ਟੀਮ ਨੂੰ 4-0 ਦੇ ਫ਼ਰਕ ਨਾਲ ਹਰਾ ਕੇ ਜਿੱਤ ਲਿਆ ਹੈ। ਤਿੰਨ ਰੋਜ਼ਾ ਇਸ ਯੂਨੀਅਰ ਹਾਕੀ ਗੋਲਡ ਕੱਪ ਵਿੱਚ ਕੁੱਲ 12 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ 6 ਟੀਮਾਂ ਪੰਜਾਬ ਦੀਆਂ ਸਨ ਜਦਕਿ 6 ਟੀਮਾਂ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਰਾਜਾਂ ਨਾਲ ਸਬੰਧਿਤ ਸਨ।
ਸੈਮੀਫਾਈਨਲ ਮੈਚ ਵਿੱਚ ਨਿਊ ਗੁਰਦਾਸਪੁਰ ਹਾਕੀ ਕਲੱਬ ਦੀ ਟੀਮ ਨੇ ਰਾਜਾ ਕਰਨ ਹਾਕੀ ਅਕੈਡਮੀ ਕਰਨਾਲ ਨੂੰ ਹਰਾਇਆ ਜਦਕਿ ਸਾਈ ਹਾਕੀ ਅਕੈਡਮੀ ਕੁਰੂਕਸ਼ੇਤਰ ਨੇ ਸ਼ਾਹਬਾਦ ਮਾਰਕੰਡਾ ਹਾਕੀ ਅਕੈਡਮੀ ਨੂੰ ਹਰਾਇਆ। ਫਾਈਨਲ ਮੁਕਾਬਲਾ ਨਿਊ ਗੁਰਦਾਸਪੁਰ ਹਾਕੀ ਕਲੱਬ ਤੇ ਸਾਈ ਹਾਕੀ ਅਕੈਡਮੀ ਕੁਰੂਕਸ਼ੇਤਰ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਕੁਰੂਕਸ਼ੇਤਰ ਟੀਮ 4-0 ਨਾਲ ਜੇਤੂ ਰਹੀ। ਜੇਤੂ ਟੀਮ 31000 ਰੁਪਏ ਅਤੇ ਗੋਲਡ ਕੱਪ ਦਿੱਤਾ ਗਿਆ ਜਦਕਿ ਦੂਜੇ ਸਥਾਨ 'ਤੇ ਰਹੀ ਗੁਰਦਾਸਪੁਰ ਦੀ ਟੀਮ 21000 ਰੁਪਏ ਅਤੇ ਰਨਰਅਪ ਟਰਾਫ਼ੀ ਦਿੱਤੀ ਗਈ। ਮੈਨ ਆਫ਼ ਦੀ ਟੂਰਨਾਮੈਂਟ ਕੁਰੂਕਸ਼ੇਤਰ ਦੀ ਟੀਮ ਦਾ ਖਿਡਾਰੀ ਦਿਯਾ ਰਾਮ ਰਿਹਾ, ਜਿਸ ਨੂੰ 3100 ਰੁਪਏ ਅਤੇ ਟਰਾਫ਼ੀ ਦਿੱਤੀ ਗਈ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਨਿਊ ਗੁਰਦਾਸਪੁਰ ਹਾਕੀ ਕਲੱਬ ਦਾ ਇਹ ਉਪਰਾਲਾ ਬਹੁਤ ਵਧੀਆ ਹੈ ਜੋ ਹਰ ਸਾਲ ਹਾਕੀ ਟੂਰਨਾਮੈਂਟ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆਂ ਹਨ।
ਸ੍ਰੀ ਰਮਨ ਬਹਿਲ ਨੇ ਕਿਹਾ ਕਿ ਉਹ ਗੁਰਦਾਸਪੁਰ ਹਾਕੀ ਕਲੱਬ ਦੇ ਇਸ ਨੇਕ ਕਾਰਜ ਵਿੱਚ ਹਰ ਤਰਾਂ ਦਾ ਸਹਿਯੋਗ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਹਾਕੀ ਮੈਦਾਨ ਨੂੰ ਅਪਗਰੇਡ ਕਰਨ ਅਤੇ ਇਸ ਉੱਪਰ ਐਸਟਰੋਟਰਫ ਲਗਾਉਣ ਲਈ ਉਹ ਸਰਕਾਰ ਤੱਕ ਪਹੁੰਚ ਕਰਨਗੇ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਸੂਬੇ ਵਿੱਚ ਖੇਡਾਂ ਪੱਖੀ ਮਾਹੌਲ ਸਿਰਜਣ ਵਿੱਚ ਕਾਮਯਾਬ ਹੋਈਆਂ ਹਨ। ਸ੍ਰੀ ਬਹਿਲ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਖਿਡਾਰੀਆਂ ਲਈ ਸਰਕਾਰੀ ਨੌਂਕਰੀਆਂ ਵਿੱਚ ਵਿਸ਼ੇਸ਼ ਰਾਖਵਾਂਕਰਨ ਕੀਤਾ ਗਿਆ ਹੈ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਜੇਤੂ ਖਿਡਾਰੀਆਂ ਨੂੰ ਕਲਾਸ-1 ਦੀਆਂ ਨੌਂਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੀ ਤਿਆਰੀ ਲਈ ਵੀ ਹਰ ਤਰਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਸਾਰੇ ਖਿਡਾਰੀਆਂ ਦੇ ਬਿਹਤਰ ਭਵਿੱਖ ਦੀ ਕਾਮਨਾ ਵੀ ਕੀਤੀ।
ਇਸ ਮੌਕੇ ਮਾਰਕਿਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਭਾਰਤ ਭੂਸ਼ਨ ਸ਼ਰਮਾ, ਗੋਲਡਨ ਗਰੁੱਪ ਆਫ਼ ਇੰਸਟੀਚਿਊਟ ਦੇ ਚੇਅਰਮੈਨ ਸ੍ਰੀ ਮੋਹਿਤ ਮਹਾਜਨ, ਸਾਬਕਾ ਕੈਪਟਨ ਜੋਗਿੰਦਰ ਸਿੰਘ ਪ੍ਰਧਾਨ, ਦਸਮਿੰਦਰ ਨੋਨੀ ਪੈਟਰਨ, ਗੁਰਪ੍ਰੀਤ ਸਿੰਘ ਵਾਈਸ ਪ੍ਰਧਾਨ, ਦਰਬਾਰਾ ਸਿੰਘ ਜਾਇੰਟ ਸੈਕਟਰੀ, ਰਜਿੰਦਰ ਪੱਪੂ ਕੈਸ਼ੀਅਰ, ਰਜੇਸ਼ ਰਾਜੂ ਜਨਰਲ ਸੈਕਟਰੀ, ਵਿਕਰਮਜੀਤ ਸਿੰਘ ਸੈਣੀ, ਬਲਵਿੰਦਰ ਸਿੰਘ, ਚੰਬਾ ਹਾਕੀ ਦੇ ਸੈਕਟਰੀ ਮੁਕੇਸ਼ ਬੇਦੀ, ਭਾਰਤੀ ਹਵਾਈ ਫ਼ੌਜ ਦੇ ਸਾਬਕਾ ਹਾਕੀ ਕੋਚ ਸਤਿੰਦਰ ਸੱਤੀ ਜੰਮੂ, ਗੁਰਜੀਤ ਸਿੰਘ ਸੀ.ਆਈ.ਐੱਸ.ਐੱਫ, ਅਮਰਜੀਤ ਸਿੰਘ ਸੀਨੀਅਰ, ਮਾਸਟਰ ਗੋਪਾਲ ਸਿੰਘ ਸਭਰਵਾਲ, ਮਨਸਾ ਰਾਮ, ਸਾਬਕਾ ਚੇਅਰਮੈਨ ਨੀਰਜ ਸਲਹੋਤਰਾ, ਸੁੱਚਾ ਸਿੰਘ ਮੁਲਤਾਨੀ, ਸਮਾਜ ਸੇਵੀ ਕੁੰਵਰ ਵਿੱਕੀ ਤੋਂ ਇਲਾਵਾ ਹੋਰ ਖੇਡ ਪ੍ਰੇਮੀ ਤੇ ਮੁਹਤਬਰ ਹਾਜ਼ਰ ਸਨ।