ਵੈਟਨਰੀ ਯੂਨੀਵਰਸਿਟੀ ਨੇ ‘ਉਦਮੀਪਨ ਅਤੇ ਕੌਸ਼ਲ ਵਿਕਾਸ’ ਸੰਬੰਧੀ ਕਰਵਾਇਆ ਸਿਖਲਾਈ ਕੋਰਸ
ਲੁਧਿਆਣਾ 20 ਫਰਵਰੀ 2025 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂਧਨ ਉਤਪਾਦਨ ਪ੍ਰਬੰਧਨ ਵਿਭਾਗ ਵੱਲੋਂ ਸੂਖਮ, ਛੋਟੇ ਅਤੇ ਦਰਮਿਆਨੇ ਉਦਮ ਮੰਤਰਾਲੇ ਦੇ ਇਕ ਪ੍ਰਾਜੈਕਟ ਅਧੀਨ ਕੌਸ਼ਲ ਵਿਕਾਸ ਸੰਬੰਧੀ ਸ਼ੁਰੂ ਕੀਤਾ ਇਕ ਹਫ਼ਤੇ ਦਾ ਸਿਖਲਾਈ ਕੋਰਸ ਸੰਪੂਰਨ ਹੋ ਗਿਆ। ਇਸ ਦਾ ਵਿਸ਼ਾ ਸੀ ‘ਕਿਸਾਨਾਂ ਦੀ ਆਮਦਨ ਵਧਾਉਣ ਲਈ ਡੇਅਰੀ ਫਾਰਮਿੰਗ, ਗੁਣਵੱਤਾ ਭਰਪੂਰ ਉਤਪਾਦ ਅਤੇ ਮੰਡੀਕਾਰੀ ਵਿੱਚ ਉਦਮੀ ਅਤੇ ਕੌਸ਼ਲ ਵਿਕਾਸ ਸਿਖਲਾਈ’। ਇਸ ਸਿਖਲਾਈ ਕੋਰਸ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ 20 ਪ੍ਰਤੀਭਾਗੀਆਂ ਨੇ ਹਿੱਸਾ ਲਿਆ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਅਜਿਹੀ ਸਿਖਲਾਈ ਰੁਜ਼ਗਾਰ ਵਧਾਉਣ ਲਈ ਬਹੁਤ ਸਹਾਈ ਹੁੰਦੀ ਹੈ ਅਤੇ ਕਿਸਾਨਾਂ ਦੇ ਕਿਤਾਬੀ ਅਤੇ ਵਿਹਾਰਕ ਗਿਆਨ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਸਮਾਪਨ ਸਮਾਰੋਹ ਵਿੱਚ ਡਾ. ਅਨਿਲ ਕੁਮਾਰ ਅਰੋੜਾ, ਨਿਰਦੇਸ਼ਕ ਖੋਜ, ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਅਤੇ ਡਾ. ਸਵਰਨ ਸਿੰਘ ਰੰਧਾਵਾ, ਡੀਨ, ਕਾਲਜ ਆਫ ਵੈਟਨਰੀ ਸਾਇੰਸ ਨੇ ਪ੍ਰਧਾਨਗੀ ਕੀਤੀ।
ਡਾ. ਅਰੋੜਾ ਨੇ ਕਿਹਾ ਕਿ ਡੇਅਰੀ ਖੇਤਰ ਸਾਡੀ ਆਰਥਿਕਤਾ ਵਿੱਚ ਵੱਡਾ ਹਿੱਸਾ ਪਾਉਂਦਾ ਹੈ ਅਤੇ ਨਵੇਂ ਰੁਜ਼ਗਾਰ ਅਤੇ ਉਦਮੀ ਪੈਦਾ ਕਰਕੇ ਅਸੀਂ ਪੇਂਡੂ ਖੇਤਰ ਦੀ ਆਰਥਿਕ ਤਰੱਕੀ ਨੂੰ ਹੋਰ ਵਧਾ ਸਕਦੇ ਹਾਂ। ਡਾ. ਉੱਪਲ ਨੇ ਸਾਫ ਸੁਥਰੇ ਦੁੱਧ ਦੀ ਮਹੱਤਤਾ ਸੰਬੰਧੀ ਚਾਨਣਾ ਪਾਉਂਦਿਆਂ ਡੇਅਰੀ ਪ੍ਰਾਸੈਸਿੰਗ ਦੇ ਖੇਤਰ ਵਿੱਚ ਸਟਾਰਟ-ਅੱਪ ਸਥਾਪਿਤ ਕਰਨ ’ਤੇ ਜ਼ੋਰ ਦਿੱਤਾ।
ਡਾ. ਰੰਧਾਵਾ ਨੇ ਕਿਹਾ ਕਿ ਅਸੀਂ ਸੂਖਮ, ਛੋਟੇ ਅਤੇ ਦਰਮਿਆਨੇ ਉਦਮਾਂ ਰਾਹੀਂ ਡੇਅਰੀ ਖੇਤਰ ਅਤੇ ਗੁਣਵੱਤਾ ਭਰਪੂਰ ਉਤਪਾਦਨ ਬਨਾਉਣ ਦੇ ਖੇਤਰ ਨੂੰ ਹੋਰ ਸੁਦ੍ਰਿੜ ਕਰ ਸਕਦੇ ਹਾਂ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਇਸ ਸਿਖਲਾਈ ਪ੍ਰੋਗਰਾਮ ਰਾਹੀਂ ਗਿਆਨ ਅਤੇ ਕੌਸ਼ਲ ਦਾ ਵਿਕਾਸ ਕਰਕੇ ਅਸੀਂ ਵਿਗਿਆਨਕ ਡੇਅਰੀ ਫਾਰਮਿੰਗ ਨੂੰ ਹੋਰ ਉਤਸ਼ਾਹਿਤ ਕਰ ਸਕਾਂਗੇ।
ਡਾ. ਯਸ਼ਪਾਲ ਸਿੰਘ, ਕੋਰਸ ਨਿਰਦੇਸ਼ਕ ਨੇ ਜਾਣਕਾਰੀ ਦਿੱਤੀ ਕਿ ਇਸ ਸਿਖਲਾਈ ਵਿੱਚ ਭਾਸ਼ਣਾਂ ਅਤੇ ਪ੍ਰਯੋਗੀ ਕ੍ਰਿਆਵਾਂ ਰਾਹੀਂ ਵੈਟਨਰੀ, ਡੇਅਰੀ, ਉਦਯੋਗ ਮਾਹਿਰਾਂ ਅਤੇ ਵਿਤੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਗਿਆਨ ਚਰਚਾ ਕੀਤੀ। ਪ੍ਰਤੀਭਾਗੀਆਂ ਨੂੰ ਡੇਅਰੀ ਪਲਾਂਟਾਂ ਅਤੇ ਡੇਅਰੀ ਆਧਾਰਿਤ ਕੰਪਨੀਆਂ ਦਾ ਦੌਰਾ ਵੀ ਕਰਵਾਇਆ ਗਿਆ। ਡਾ. ਸੁਰੇਸ਼ ਕੁਮਾਰ, ਡਾ. ਕੁਲਵਿੰਦਰ ਸਿੰਘ ਅਤੇ ਡਾ. ਨਿਤਿਨ ਮਹਿਤਾ ਨੇ ਬਤੌਰ ਸੰਯੋਜਕ ਇਸ ਸਿਖਲਾਈ ਦੀ ਜ਼ਿੰਮੇਵਾਰੀ ਨਿਭਾਈ।