ਪੱਤਰਕਾਰ ਤੇਜਿੰਦਰ ਸਿੰਘ ਸੈਣੀ ਨੂੰ ਸਦਮਾ: ਪੁੱਤ ਦੀ ਯੂਐਸਏ ਵਿੱਚ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 18 ਫਰਵਰੀ 2025 :ਖੈਰਾਬਾਦ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਅਤੇ ਸੀਨੀਅਰ ਪੱਤਰਕਾਰ ਤਜਿੰਦਰ ਸਿੰਘ ਸੈਣੀ ਦੇ ਪੁੱਤਰ ਹਰਮਨਜੀਤ ਸਿੰਘ (30) ਦਾ ਬੀਤੇ ਦਿਨ ਯੂਐਸਏ ਵਿਖੇ ਇੱਕ ਸੁਰੰਗ ਵਿੱਚ ਹੋਏ ਬਹੁ - ਵਾਹਨਾਂ ਦੇ ਇੱਕ ਭਿਆਨਕ ਹਾਦਸੇ ਦੌਰਾਨ ਦੇਹਾਂਤ ਹੋ ਗਿਆ। ਹਾਦਸਾ ਉਦੋਂ ਹੋਇਆ ਜਦੋਂ ਹਰਮਨਜੀਤ ਸਿੰਘ ਆਪਣਾ ਟਰਾਲਾ ਯੂਐਸਏ ਵਿਖੇ ਲੈ ਕੇ ਜਾ ਰਿਹਾ ਸੀ ਜਦੋਂ ਉਹ ਸਾਲਟ ਲੇਕ ਸਿਟੀ ਦੇ ਨੇੜੇ ਪੁੱਜਾ ਅਤੇ ਗਰੀਨ ਰਿਵਰ ਸੁਰੰਗ ਵਿੱਚ ਬਰਫ ਦਾ ਤੂਫਾਨ ਆਉਣ ਕਾਰਨ ਸੁਰੰਗ ਵਿੱਚ ਇੱਕ ਵਾਹਨ ਤਿਲਕ ਕੇ ਬੇਕਾਬੂ ਹੋ ਗਿਆ ਜਿਸ ਤੋਂ ਬਾਅਦ ਪਿਛਲੇ ਵਾਹਨ ਆਪਸ ਵਿੱਚ ਭਿੜਦੇ ਚਲੇ ਗਏ।
ਇਹਨਾਂ ਵਾਹਨਾਂ ਵਿੱਚ ਟਰੱਕ, ਕਾਰਾਂ ਅਤੇ ਹੋਰ ਵਾਹਨ ਵੀ ਸ਼ਾਮਿਲ ਸਨ। ਹਰਮਨਜੀਤ ਦੇ ਟਰਾਲੇ ਤੋਂ ਅਗਲੇ ਟਰੱਕ ਵਿੱਚ ਭਿਆਨਕ ਅੱਗ ਲੱਗਣ ਕਾਰਨ ਸੁਰੰਗ ਵਿੱਚ ਧੂਆਂ ਹੀ ਧੂਆਂ ਹੋ ਗਿਆ ਅਤੇ ਵਾਹਨਾਂ ਨੂੰ ਅੱਗ ਲੱਗ ਗਈ ਜਿਸ ਕਾਰਨ ਟਾਇਰ ਫਟਦੇ ਰਹੇ ਅਤੇ ਕੁਝ ਜਣੇ ਸ਼ੀਸ਼ੇ ਤੋੜ ਕੇ ਨਿਕਲ ਗਏ ਪਰ ਹਰਮਨਜੀਤ ਅਤੇ ਇਕ ਹੋਰ ਵਾਹਨ ਚਾਲਕ ਬਾਹਰ ਨਾ ਨਿਕਲ ਸਕੇ। ਜਿਸ ਕਾਰਨ ਹਰਮਨਜੀਤ ਸਿੰਘ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਇਸ ਹਾਦਸੇ ਵਿੱਚ ਪੰਜ ਜਣੇ ਗੰਭੀਰ ਫੱਟੜ ਵੀ ਦੱਸੇ ਜਾ ਰਹੇ ਹਨ। ਇਹ ਖਬਰ ਸੁਣਦਿਆਂ ਹੀ ਰੂਪਨਗਰ ਸਮੇਤ ਪਿੰਡ ਖੇੜੀ ਸਲਾਬਤਪੁਰ ,ਖੈਰਾਬਾਦ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।
ਹਰਮਨਜੀਤ ਸਿੰਘ ਕਨੇਡਾ ਦੀ ਡਰੀਮ ਬਿੱਗ ਟਰਾਂਸਪੋਰਟੇਸ਼ਨ ਕੰਪਨੀ ਵਿੱਚ ਟਰਕਿੰਗ ਜੋਬ ਕਰਦਾ ਸੀ। ਕੁਝ ਮਹੀਨੇ ਪਹਿਲਾਂ ਹੀ ਉਹ ਕਨੇਡਾ ਦਾ ਪੱਕਾ ਨਿਵਾਸੀ ਬਣ ਗਿਆ ਸੀ। ਉਸ ਦੀ ਭੈਣ ਵੀ ਕਨੇਡਾ ਦੇ ਓਟਵਾ ਇਲਾਕੇ ਵਿੱਚ ਹੀ ਰਹਿੰਦੀ ਹੈ। ਇਸ ਦੁੱਖ ਦੀ ਘੜੀ ਤਜਿੰਦਰ ਸਿੰਘ ਸੈਣੀ ਦੇ ਸਨਸਿਟੀ ਸਥਿਤ ਘਰ ਵਿੱਚ ਹਲਕਾ ਵਿਧਾਇਕ ਦਿਨੇਸ਼ ਚੱਡਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ, ਵਪਾਰ ਮੰਡਲ ਦੇ ਪ੍ਰਧਾਨ ਪਰਮਿੰਦਰ ਪਾਲ ਸਿੰਘ ਬਿੱਟਾ ਸਮੇਤ ਰੂਪਨਗਰ ਪ੍ਰੈਸ ਕਲੱਬ ਅਤੇ ਸਤਲੁਜ ਪ੍ਰੈਸ ਕਲੱਬ ਦੇ ਪ੍ਰਧਾਨ ਸਮੇਤ ਸਮੂਹ ਮੈਂਬਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਜ਼ਿਲਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਵੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।