ਆਯੂਸ਼ਮਾਨ ਆਰੋਗਿਆ ਕੇਂਦਰ ਕੋਟਲਾ ਨਿਹੰਗ ਤੋਂ ਹੋਈ ਗੈਰ ਸੰਚਾਰੀ ਰੋਗਾਂ ਦੀ ਸਕ੍ਰੀਨਿੰਗ ਸਬੰਧੀ ਡ੍ਰਾਈਵ ਦੀ ਸ਼ੁਰੂਆਤ
ਦਰਸ਼ਨ ਗਰੇਵਾਲ
ਰੂਪਨਗਰ, 20 ਫਰਵਰੀ 2025: ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਵੱਲੋਂ ਅੱਜ ਆਯੂਸ਼ਮਾਨ ਆਰੋਗਿਆ ਕੇਂਦਰ ਕੋਟਲਾ ਨਿਹੰਗ ਵਿਖੇ ਗੈਰ ਸੰਚਾਰੀ ਰੋਗਾਂ ਦੀ ਸਕ੍ਰੀਨਿੰਗ ਡ੍ਰਾਈਵ ਦੀ ਸ਼ੁਰੂਆਤ ਕੀਤੀ ਗਈ।
ਡਾ. ਤਰਸੇਮ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ 20 ਫਰਵਰੀ ਤੋਂ ਲੈ ਕੇ 31 ਮਾਰਚ ਤੱਕ ਸਾਰੇ ਭਾਰਤ ਦੇ ਵਿੱਚ ਚੱਲੇਗੀ। ਇਸ ਮੁਹਿੰਮ ਦੌਰਾਨ 30 ਸਾਲ ਦੀ ਉਮਰ ਤੋਂ ਵੱਧ ਲੋਕਾਂ ਦਾ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਅਤੇ ਹੋਰ ਗੈਰ ਸੰਚਾਰੀ ਬਿਮਾਰੀਆਂ ਦੀ ਜਲਦ ਪਛਾਣ ਕਰਕੇ ਲੋਕਾਂ ਨੂੰ ਸਮੇਂ ਸਿਰ ਇਲਾਜ ਉਪਲਬਧ ਕਰਵਾਉਣਾ ਹੈ। ਇਸ ਮੁਹਿੰਮ ਦੌਰਾਨ ਬਰੈਸਟ ਸਕਰੀਨਿੰਗ ਅਤੇ ਮੂੰਹ ਦੇ ਕੈਂਸਰ ਦੀ ਸਕਰੀਨਿੰਗ ਵੀ ਕੀਤੀ ਜਾਵੇਗੀ।
ਸਿਵਲ ਸਰਜਨ ਨੇ ਇਸ ਮੌਕੇ ‘ਤੇ ਕਿਹਾ ਅੱਜ ਦੇ ਦੌਰ ਵਿੱਚ ਗੈਰ-ਸੰਕਰਮਕ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ, ਜੋ ਕਿ ਲੋਕਾਂ ਦੀ ਜ਼ਿੰਦਗੀ ਉੱਤੇ ਗੰਭੀਰ ਪ੍ਰਭਾਵ ਪਾ ਰਹੀਆਂ ਹਨ। ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਨਿਯਮਤ ਜਾਂਚ ਅਤੇ ਸਿਹਤਮੰਦ ਜੀਵਨ ਸ਼ੈਲੀ ਬਹੁਤ ਜ਼ਰੂਰੀ ਹੈ। ਇਹ ਮੁਹਿੰਮ ਲੋਕਾਂ ਦੀ ਸਿਹਤ ਨੂੰ ਸੁਧਾਰਨ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸਵਪਨਜੀਤ ਕੌਰ ਨੇ ਵੀ ਕਿਹਾ ਕਿ ਸਿਹਤਮੰਦ ਜੀਵਨਸ਼ੈਲੀ ਅਤੇ ਸਮੇਂ-ਸਮੇਂ 'ਤੇ ਹੋਣ ਵਾਲੀਆਂ ਸਕਰੀਨਿੰਗਾਂ ਗੈਰ-ਸੰਕਰਮਕ ਬਿਮਾਰੀਆਂ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਅਜਿਹੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਸਹੂਲਤਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੋ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਭਲਾਈ ਕਰ ਸਕਣ।
ਇਸ ਡ੍ਰਾਈਵ ਨੂੰ ਸਫਲ ਬਣਾਉਣ ਵਿੱਚ ਡਾ. ਗੌਰਵ ਕੌਸ਼ਲ, ਜ਼ਿਲ੍ਹਾ ਮੋਨੀਟਰਿੰਗ ਇਵੈਲੂਏਸ਼ਨ ਅਫਸਰ ਲਖਵੀਰ ਸਿੰਘ, ਕਮਿਊਨਟੀ ਹੈਲਥ ਅਫਸਰ ਗੁਰਪ੍ਰੀਤ ਕੌਰ ਅਤੇ ਆਯੂਸ਼ਮਾਨ ਆਰੋਗਿਆ ਕੇਂਦਰ ਕੋਟਲਾ ਨਿਹੰਗ ਦੀ ਹੈਲਥ ਵਰਕਰ ਸੁਖਵਿੰਦਰ ਕੌਰ ਨੇ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਉਨ੍ਹਾਂ ਦੀ ਮਿਹਨਤ ਅਤੇ ਸੰਕਲਪ ਨਾਲ ਇਹ ਮੁਹਿੰਮ ਸ਼ੁਰੂ ਹੋਈ ਜਿਸ ਦਾ ਲਾਭ ਪਿੰਡ ਵਾਸੀਆਂ ਨੂੰ ਮਿਲੇਗਾ।
ਇਸ ਮੌਕੇ ਸਿਹਤ ਵਿਭਾਗ ਦੀ ਟੀਮ, ਆਯੂਸ਼ਮਾਨ ਆਰੋਗਿਆ ਕੇਂਦਰ ਦਾ ਸਟਾਫ ਅਤੇ ਪਤਵੰਤ ਸੱਜਣ ਵੀ ਹਾਜ਼ਰ ਰਹੇ।