ਪੰਜਾਬੀ ਮਾਂ ਬੋਲੀ ਜਾਗਰੂਕਤਾ ਮਾਰਚ ਫਗਵਾੜਾ ਵਿਖੇ 21 ਫਰਵਰੀ ਨੂੰ
* ਸਕੇਪ ਸਾਹਿਤਕ ਸੰਸਥਾ, ਕਾਲਮਨਵੀਸ ਮੰਚ ਅਤੇ ਹੋਰ ਸਾਹਿਤਕਾਰ ਮਾਂ ਬੋਲੀ ਮਾਰਚ ਵਿੱਚ ਭਾਗ ਲੈਣਗੇ
ਫਗਵਾੜਾ, 20 ਫਰਵਰੀ 2025 - ਪੰਜਾਬੀ ਕਲਾ ਅਤੇ ਸਾਹਿਤ ਕੇਂਦਰ, ਸੰਗੀਤ ਦਰਪਣ, ਪੰਜਾਬੀ ਵਿਰਸਾ ਟਰੱਸਟ ਅਤੇ ਸਹਾਰਾ ਵੈਲਫੇਅਰ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬੀ ਮਾਂ ਬੋਲੀ ਜਾਗਰੂਕਤਾ ਮਾਰਚ 21 ਫਰਵਰੀ, 2025 ਨੂੰ ਫਗਵਾੜਾ ਵਿਖੇ ਆਯੋਜਿਤ ਕੀਤਾ ਜਾਵੇਗਾ। ਇਹ ਮਾਰਚ 21 ਫਰਵਰੀ ਨੂੰ ਸਵੇਰੇ 9: 00 ਵਜੇ ਬਲੱਡ ਬੈਂਕ, ਗੁਰੂ ਹਰਿਗੋਬਿੰਦ ਨਗਰ ਫਗਵਾੜਾ ਤੋਂ ਸ਼ੁਰੂ ਹੋਏਗਾ।
ਇਹ ਮਾਰਚ ਸੈਂਟਰਲ ਟਾਊਨ, ਲੋਹਾ ਮੰਡੀ, ਗਾਂਧੀ ਚੌਂਕ ਛੱਤੀ ਖੂਹੀ, ਗਾਊਸ਼ਾਲਾ ਬਜ਼ਾਰ , ਬਾਂਸਾ ਬਜ਼ਾਰ ਤੋਂ ਹੁੰਦਾ ਹੋਇਆ ਪੁਰਾਣਾ ਡਾਕਖਾਨਾ, ਸਰਕਾਰੀ ਸਕੂਲ ਤੋਂ ਬਾਅਦ ਬਲੱਡ ਬੈਂਕ ਦੇ ਨਾਲ ਲਗਦੇ ਪਾਰਕ ਵਿੱਚ ਸਮਾਪਤ ਹੋਵੇਗਾ ਜਿਥੇ ਕਵਿਤਾ ਗਾਇਨ ਮੁਕਾਬਲਾ ਕਰਵਾਇਆ ਜਾਏਗਾ ਅਤੇ ਸਕੂਲਾਂ ਨੂੰ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਆਦਰਸ਼ ਬਾਲ ਵਿਦਿਆਲਾ ਦਾ ਬੈਂਡ ਮਨੋਹਰ ਸੰਗੀਤਕ ਧੁਨਾਂ ਨਾਲ ਮਾਰਚ ਦੀ ਆਗਵਾਈ ਕਰੇਗਾ। ਮਾਰਚ ਵਿੱਚ ਲੇਖਕ ਸਾਹਿਤ ਸਭਾਵਾਂ, ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ, ਪੰਜਾਬੀ ਪ੍ਰੇਮੀ, ਵਿਦਿਆਰਥੀ ਅਤੇ ਅਧਿਆਪਕ ਹਿੱਸਾ ਲੈਣਗੇ। ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ, ਰਾਮਪਾਲ ਉਪਲ ਮੇਅਰ ਨਗਰ ਨਿਗਮ ਫਗਵਾੜਾ, ਰੁਪਿੰਦਰ ਕੌਰ ਐਸ.ਪੀ ਫਗਵਾੜਾ, ਜਸ਼ਨਜੀਤ ਸਿੰਘ ਐਸ.ਡੀ ਐਮ ਫਗਵਾੜਾ, ਪ੍ਰਸਿੱਧ ਲੇਖਕ ਡਾਕਟਰ ਲਖਵਿੰਦਰ ਸਿੰਘ ਜੌਹਲ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਣਗੇ ਅਤੇ ਮਾਰਚ ਨੂੰ ਹਰੀ ਝੰਡੀ ਦੇਣਗੇ। ਇਹ ਜਾਣਕਾਰੀ ਤਰਨਜੀਤ ਸਿੰਘ ਕਿੰਨੜਾ ਅਤੇ ਗੁਰਮੀਤ ਸਿੰਘ ਪਲਾਹੀ ਨੇ ਦਿੱਤੀ।