Babushahi Special: ਮਲਵਈ ਗਿੱਧਾ: ਮੰਨ ਲੈ ਭੌਰ ਦੀ ਆਖੀ, ਨੀਂ ਚੜ੍ਹਜਾ ਬੋਤੇ ’ਤੇ
ਅਸ਼ੋਕ ਵਰਮਾ
ਬਠਿੰਡਾ, 19 ਫਰਵਰੀ 2025 :ਮਲਵਈ ਗਿੱਧਾ ਜਿਸ ਦਾ ਨਾਮ ਸੁਣਦਿਆਂ ਹੀ ਆਪ ਮੁਹਾਰੇ ਨੱਚਣ ਨੂੰ ਜੀ ਕਰਨ ਲੱਗਦਾ ਹੈ ਇਸ ਦੀ ਮਾਲਵੇ ’ਚ ਹੋਈ ਸ਼ੁਰੂਆਤ ਅਤੇ ਪ੍ਰਫੁੱਲਤ ਹੋਣ ਤੋਂ ਇਲਾਵਾ ਔਰਤਾਂ ਦੇ ਗਿੱਧੇ ਨਾਲ ਮਿਲਦਾ ਜੁਲਦਾ ਹੋਣ ਕਾਰਨ ਇਸ ਨੂੰ ਮਲਵਈ ਗਿੱਧੇ ਵਜੋਂ ਜਾਣਿਆ ਜਾਂਦਾ ਹੈ। ਸੱਭਿਆਚਾਰ ਦੇ ਮਾਹਿਰ ਮਲਵਈ ਗਿੱਧੇ ਨੂੰ ਸ੍ਰੀ ਮੁਕਤਸਰ ਸਾਹਿਬ ,ਫਰੀਦਕੋਟ,ਬਠਿੰਡਾ, ਸੰਗਰੂਰ,ਫਿਰੋਜ਼ਪੁਰ ਮਾਨਸਾ ਤੇ ਪਟਿਆਲਾ ਜਿਲਿ੍ਹਆਂ ਨਾਲ ਸਬੰਧਤ ਮੰਨਦੇ ਹਨ। ਉਂਜ ਹਕੀਕਤ ਇਹ ਵੀ ਹੈ ਕਿ ਮਲਵਈ ਗਿੱਧਾ ਹੁਣ ਕਿਸੇ ਵਿਸ਼ੇਸ਼ ਖਿੱਤੇ ਦਾ ਮੁਹਤਾਜ ਨਹੀਂ ਰਿਹਾ ਹੈ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਇਸ ਨਾਚ ਦੀਆਂ ਧੁੰਮਾਂ ਪੈਣ ਲੱਗੀਆਂ ਹਨ। ਸ਼ੁਰੂਆਤੀ ਦੌਰ ’ਚ ਮਲਵਈ ਗਿੱਧੇ ਦੀ ਪੇਸ਼ਕਾਰੀ ਸੱਭਿਆਚਾਰਕ ਸਮਾਗਮਾਂ , ਖਾਸ ਪ੍ਰੋਗਰਾਮਾਂ ਜਾਂ ਫਿਰ ਜਨਤਕ ਥਾਵਾਂ ਤੇ ਸ਼ੌਕੀਆ ਤੌਰ ਤੇ ਕੀਤੀ ਜਾਂਦੀ ਸੀ ਪਰ ਹੁਣ ਉਹ ਵੇਲਾ ਨਹੀਂ ਰਿਹਾ ਬਲਕਿ ਇਹ ਨਾਚ ਨੌਜਵਾਨਾਂ ਦੀ ਪਸੰਦ ਤੇ ਆਮ ਲੋਕਾਂ ਲਈ ਤਰਜੀਹ ਬਣ ਗਿਆ ਹੈ।
ਪੁਰਾਣੇ ਵਾਲਿਆਂ ’ਚ ਇਸ ਤਰ੍ਹਾਂ ਗਿੱਧਾ ਜਾਂ ਬੋਲੀਆਂ ਪਾਉਣ ਦੇ ਕੰਮ ਨੂੰ ‘ਕੰਜਰਖਾਨਾਂ ਜਾਂ ਫਿਰ ਕੰਜਰਾਂ ਵਾਲਾ ਕਿੱਤਾ ਕਿਹਾ ਜਾਂਦਾ ਸੀ । ਉਦੋਂ ਬਜ਼ੁਰਗ ਡਰਦੇ ਸਨ ਕਿ ਕਿਧਰੇ ਉਨ੍ਹਾਂ ਦੇ ਬੱਚੇ ਅਜਿਹੇ ਕੰਮ ’ਚ ਪੈਕੇ ਪ੍ਰੀਵਾਰ ਲਈ ਬਦਨਾਮੀ ਨਾਂ ਖੱਟ ਲੈਣ ਪ੍ਰੰਤੂ ਸਮਾਂ ਗੁਜ਼ਰਨ ਅਤੇ ਨਵੀਂ ਰੌਸ਼ਨੀ ਦੇ ਪਸਾਰੇ ਨੇ ਵੱਡੀ ਉਮਰ ਵਾਲਿਆਂ ਦੀ ਸੋਚ ਨੂੰ ਵੀ ਮੋੜਾ ਪਾਇਆ ਹੈ। ਅਸਲ ਵਿੱਚ ਮਲਵਈ ਗਿੱਧਾ ਉਦੋਂ ਜਿਆਦਾ ਮਸ਼ਹੂਰ ਹੋਇਆ ਜਦੋਂ ਵੱਡੀ ਉਮਰ ਦੇ ਬਾਬਿਆਂ ਨੇ ਇਸ ਕਲਾ ਨੂੰ ਅੱਗੇ ਵਧਾਉਣ ਲਈ ਕਦਮ ਪੁਟਿਆ। ਮਗਰੋਂ ਤਾਂ ਬਾਬਿਆਂ ਦੀਆਂ ਕਈ ਟੀਮਾਂ ਨੂੰ ਕੌਮਾਂਤਰੀ ਪੱਧਰ ਤੇ ਜਾਣਿਆ ,ਪਹਿਚਾਣਿਆ ਅਤੇ ਸਤਿਕਾਰਿਆ ਜਾਣ ਲੱਗਿਆ। ਕਲਿਆਣਾਂ ਵਾਲੇ ਉਸਤਾਦ ਗੁਰਾਂਦਿੱਤਾ ਸਿੰਘ ਨੇ ਇਸ ਨਾਚ ਨੂੰ ਉਹ ਪ੍ਰਸਿੱਧੀ ਬਖਸ਼ੀ ਜਿਸ ਦਾ ਵਰਨਣ ਸ਼ਬਦਾਂ ਵਿੱਚ ਕਰਨਾ ਮੁਸ਼ਕਲ ਹੈ। ਗੁਰਾਂਦਿੱਤਾ ਸਿੰਘ ਦੇ ਸ਼ਾਗਿਰਦਾਂ ਵੱਲੋਂ ਤਾਂ ਅੱਜ ਵੀ ਉਨ੍ਹਾਂ ਦੀ ਸ਼ੈਲੀ ਅਪਣਾਈ ਜਾਂਦੀ ਹੈ ਜੋ ਚਰਚਾ ਦਾ ਕਾਰਨ ਬਣਦੀ ਹੈ।
.jpg)
ਹੁਣ ਤਾਂ ਇਕੱਲੇ ਮਾਲਵੇ ’ਚ ਦੋ ਦਰਜਨ ਤੋਂ ਵੀ ਵੱਧ ਟੀਮਾਂ ਨੇ ਪੰਜਾਬੀ ਸੱਭਿਆਚਾਰ ਦੀ ਇਸ ਨਿਵੇਕਲੀ ਵੰਨਗੀ ਨੂੰ ਆਪਣੇ ਰੁਜ਼ਗਾਰ ਦਾ ਸਾਧਨ ਬਣਾਇਆ ਹੋਇਆ ਹੈ । ਬਠਿੰਡਾ ਜਿਲ੍ਹੇ ਦੇ ਪਿੰਡ ਪੰਜ ਕਲਿਆਣਾਂ ’ਚ ਦੋ ਟੀਮਾਂ ਤਾਂ ਅਜਿਹੀਆਂ ਹਨ ਜਿੰਨ੍ਹਾਂ ਨੂੰ ਵਿਆਹ ਸਾਹਿਆਂ ਤੋਂ ਵਿਹਲ ਨਹੀਂ ਮਿਲਦੀ ਹੈ। ਭਗਤਾ ਭਾਈ ਲਾਗਲੇ ਵੱਡੇ ਪਿੰਡ ਕੋਠਾ ਗੁਰੂ ’ਚ ਮਰਾਹੜਾਂ ਦਾ ਮੁੰਡਾ ਜਦੋਂ ਮਲਵਈ ਗਿੱਧੇ ਦੌਰਾਨ ਆਪਣੀ ਕਲਾ ਦਾ ਮੁਜ਼ਾਹਰਾ ਕਰਦਾ ਹੈ ਤਾਂ ਦੇਖਣ ਵਾਲੇ ਦੰਗ ਰਹਿ ਜਾਂਦੇ ਹਨ। ਸ਼ੁਰੂਆਤੀ ਦੌਰ ’ਚ ਮੇਲਿਆਂ ਤੇ ਇਕੱਠਾਂ ਚੋਂ ਹੁੰਦਾ ਹੋਇਆ ਮਲਵਈ ਗਿੱਧਾ ਅੱਜ ਕੱਲ੍ਹ ਵਿਆਹਾਂ ਤੇ ਖੁਸ਼ੀਆਂ ਦੇ ਮੌਕਿਆਂ ਦਾ ਸ਼ਿੰਗਾਰ ਬਣ ਗਿਆ ਹੈ। ਕਈ ਲੋਕ ਤਾਂ ਆਪਣੀ ਮਨਪਸੰਦ ਦੀ ਟੀਮ ਤੋਂ ਸਮਾਂ ਲੈਣ ਉਪਰੰਤ ਬੱਚਿਆਂ ਦੇ ਵਿਆਹ ਰੱਖਣ ਲੱਗੇ ਹਨ। ਇਸ ਮਾਮਲੇ ਲਾਲ ਜੁੜਿਆ ਪਹਿਲੂੂ ਇਹ ਵੀ ਹੈ ਕਿ ਇਹ ਗਿੱਧਾ ਪਾਉਣ ਵਾਲੀਆਂ ਟੀਮਾਂ ਨੇ ਜੰਜ ਤੁਰਨ ਤੋਂ ਲੈਕੇ ਲੜਕੀ ਦੇ ਵਿਦਾ ਹੋਣ ਤੱਕ ਦੇ ਮਹੌਲ ਮੁਤਾਬਕ ਬੋਲੀਆਂ ਬਣਾਈਆਂ ਹੋਈਆਂ ਹਨ।
ਬੋਲੀਆਂ ਪਾਉਣ ਅਤੇ ਮੋੜਾ ਦੇਣ ਵਾਲੇ ਨੌਜਵਾਨਾਂ ਨੂੰ ਵੀ ਮਲਵਈ ਗਿੱਧੇ ਵਿੱਚ ਵਿਸ਼ੇਸ਼ ਥਾਂ ਦਿੱਤੀ ਜਾਂਦੀ ਹੈ। ਮਲਵਈ ਗਿੱਧੇ ਦੇ ਕਲਾਕਾਰ ਚਿਮਟਾ, ਗਿੜਦਾ, ਕਾਟੋ ਜਾਂ ਬਗਦੂ ਵਜਾਉਂਦੇ ਸਮੇਂ ਬੋਲੀਆਂ ਪਾਉਣ ਵਕਤ ਆਪਣੀਆਂ ਅਦਾਵਾਂ ਨਾਲ ਦਰਸ਼ਕਾਂ ਨੂੰ ਬੰਨ੍ਹਕੇ ਰੱਖਦੇ ਹਨ। ਮਹੱਤਵਪੂਰਨ ਇਹ ਵੀ ਹੈ ਕਿ ਬੋਲੀਆਂ ’ਚ ਹਾਸਾ ਮਜ਼ਾਕ ਤਾਂ ਹੁੰਦਾ ਹੈ ਅਸ਼ਲੀਲਤਾ ਜਾਂ ਲੱਚਰਤਾ ਦਾ ਕੋਈ ਸਥਾਨ ਨਾਂ ਹੋਣਾ ਮਲਵਈ ਗਿੱਧੇ ਦੇ ਮਕਬੂਲ ਹੋਣ ਦਾ ਵੱਡਾ ਕਾਰਨ ਹੈ। ਮਾਨਸਾ ਜਿਲ੍ਹੇ ਦੇ ਇੱੱਕ ਗਿੱਧਾ ਮਾਸਟਰ ਦਾ ਕਹਿਣਾ ਸੀ ਕਿ ਮਲਵਈ ਗਿੱਧਾ ਪਾਉਣ ਵੇਲੇ ਸਾਜ਼ਾਂ ਦੀ ਆਪਸੀ ਸੁਰ ਮਿਲਣੀ ਅਤੇ ਹਰ ਸਾਜ਼ ਨੂੰ ਫੜ੍ਹਨ ਦਾ ਅੰਦਾਜ਼ ਵੀ ਮਾਇਨੇ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਗਿੱਧੇ ਨੂੰ ਰਸਦਾਰ ਤੇ ਅਨੰਦਮਈ ਬਣਾਉਣ ਲਈ ਬੋਲੀਆਂ ਪਾਉਣ ਵਾਲੇ ਮੁੰਡਿਆਂ ਵੱਲੋਂ ਕੀਤੇ ਜਾਂਦੇ ਸੁਆਲ-ਜੁਆਬ ਜਾਂ ਫਿਰ ਬੋਲੀ ਰਾਹੀਂ ਦਿੱਤਾ ਜਾਂਦਾ ਮੋੜਾ ਵੀ ਇੱਕ ਅਹਿਮ ਸਥਾਨ ਰੱਖਦਾ ਹੈ।
.jpg)
ਸਕੂਲਾਂ ਵਿੱਚ ਵੀ ਪੁੱਜਿਆ ਗਿੱਧਾ
ਮਲਵਈ ਗਿੱਧੇ ਨੂੰ ਸਕੂਲਾਂ ਦੀ ਦਲਹੀਜ਼ ਤੱਕ ਲਿਜਾਣ ਦਾ ਸਿਹਰਾ ਰਾਮਪੁਰਾ ਫੂਲ ਹਲਕੇ ਦੇ ਪਿੰਡ ਦਿਆਲਪੁਰਾ ਮਿਰਜਾ ਦੇ ਅਧਿਆਪਕ ਅਮਰਜੀਤ ਸਿੰਘ ਸਿੱਧੂ ਅਤੇ ਕਲਿਆਣ ਦੇ ਅਧਿਆਪਕ ਗੁਰਨਾਮ ਸਿੰਘ ਸਿੱਧੂ ਸਿਰ ਬੱਝਦਾ ਹੈ। ਇੰਨ੍ਹਾਂ ਦੋਵਾਂ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਨੂੰ ਇਸ ਕਲਾ ਦੀਆਂ ਬਾਰੀਕੀਆਂ ਤੋਂ ਜਾਣੂੰ ਕਰਵਾਇਆ ਅਤੇ ਹਰ ਕਿਸਮ ਦੇ ਸਾਜ਼ ਨੂੰ ਹੱਥ ’ਚ ਫੜ੍ਹਨ ਅਤੇ ਵਜਾਉਣ ਦੀ ਢੁੱਕਵੀਂ ਜਾਣਕਾਰੀ ਦਿੱਤੀ। ਇੰਨ੍ਹਾਂ ਦੇ ਸ਼ਾਗਿਰਦ ਅੱਜ ਵੀ ਮਲਵਈ ਗਿੱਧੇ ਦੀਆਂ ਕਈ ਟੀਮਾਂ ਵਿੱਚ ਆਪਣੇ ਹੁਨਰ ਨੂੰ ਲੋਕਾਂ ਸਾਹਮਣੇ ਪੇਸ਼ ਕਰਕੇ ਉਸਤਾਦਾਂ ਦਾ ਨਾਮ ਰੌਸ਼ਨ ਕਰ ਰਹੇ ਹਨ।
ਪੰਜਾਬ ਦਾ ਸੱਭਿਆਚਾਰ ਅਮੀਰ
ਲੇਖਕ ਅਮਨ ਦਾਤੇਵਾਸੀਆ ਦਾ ਕਹਿਣਾ ਸੀ ਕਿ ਪੰਜਾਬ ਦੀ ਵਿਰਾਸਤ ਹੀ ਐਨੀ ਅਮੀਰ ਹੈ ਜਿੱਥੇ ਜਾਂਦੀ ਹੈ ਰੰਗ ਤਾਂ ਬੱਝਦਾ ਹੀ ਹੈ ਅਤੇ ਇਹੋ ਮਲਵਈ ਗਿੱਧੇ ਰਾਹੀਂ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਕਈ ਨੌਜਵਾਨਾਂ ਨੇ ਇਸ ਨਾਚ ਨੂੰ ਪੇਸ਼ੇ ਵਜੋਂ ਅਪਣਾਇਆ ਹੈ ਫਿਰ ਵੀ ਇਹ ਊਨ੍ਹਾਂ ਦੀ ਸੱਭਿਆਚਾਰ ਨੂੰ ਜਿੰਦਾ ਰੱਖਣ ਦੀ ਸੇਵਾ ਹੀ ਕਹੀ ਜਾ ਸਕਦੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਮਲਵਈ ਗਿੱਧੇ ਵਰਗੀਆਂ ਲੋਕ ਕਲਾਵਾਂ ਨੂੰ ਜਿਉਂਦਾ ਜਾਗਦਾ ਰੱਖਣ ਲਈ ਯਤਨ ਵਿੱਢਣ ਦੀ ਅਪੀਲ ਵੀ ਕੀਤੀ।