ਵਿਦਿਆਰਥਣਾਂ ਨੇ ਸੂਬਾ ਪੱਧਰੀ ਸਾਇੰਸ ਪ੍ਰਦਰਸ਼ਨੀ 'ਚ ਮੱਲਾਂ ਮਾਰ ਕੇ ਡਾ. ਦਵਾਰਕਾ ਨਾਥ ਸ.ਸ.ਸ.ਸਕੂਲ ਦਾ ਨਾਮ ਚਮਕਾਇਆ
- ਵਿਦਿਆਰਥਣਾਂ ਨੇ ਖਾਲਸਾ ਕਾਲਜ ਸ਼੍ਰੀ ਅਮ੍ਰਿਤਸਰ 'ਚ ਹੋਏ ਸੂਬਾ ਪੱਧਰੀ ਸਾਇੰਸ ਪ੍ਰਦਰਸ਼ਨੀ 'ਚ ਆਪਣੇ-ਆਪਣੇ ਮਾਡਲਾਂ ਨਾਲ ਹਿੱਸਾ ਲਿਆ
- ਜੇਤੂ ਵਿਦਿਆਰਥਣਾਂ ਨੂੰ ਪ੍ਰੈੱਸ ਕਲੱਬ, ਰਾਏਕੋਟ ਦੇ ਪ੍ਰਧਾਨ ਸੰਜੀਵ ਕੁਮਾਰ ਭੱਲਾ ਨੇ ਕੀਤਾ ਸਨਮਾਨਿਤ
- ਪ੍ਰਿੰਸੀਪਲ ਡਾ.ਅਮਰਪ੍ਰੀਤ ਕੌਰ ਦੇਹੜ ਨੇ ਵਿਦਿਆਰਥਣਾਂ ਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਸਕੂਲ ਸਟਾਫ਼ ਦੀ ਕੀਤੀ ਪ੍ਰਸ਼ੰਸਾ
- ਭਵਿੱਖ 'ਚ ਕੌਮੀ ਪੱਧਰ 'ਤੇ ਹੋਰ ਜਿੱਤਾਂ ਪ੍ਰਾਪਤ ਕਰਨ ਲਈ ਕੀਤੀਆਂ ਤਿਆਰੀਆਂ ਸ਼ੁੁਰੂ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 16 ਫਰਵਰੀ 2025 - ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਇਤਿਹਾਸਕ ਸ਼ਹਿਰ ਰਾਏਕੋਟ ਦੀ ਸਿੱਖਿਆ ਖੇਤਰ ਨਾਲ ਸਬੰਧਤ ਨਾਮਵਰ ਸੰਸਥਾ ਡਾ.ਦਵਾਰਕਾ ਨਾਥ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੀਆਂ ਵਿਦਿਆਰਥਣਾਂ ਨੇ ਖਾਲਸਾ ਕਾਲਜ ਸ਼੍ਰੀ ਅਮ੍ਰਿਤਸਰ ਵਿਖੇ ਹੋਏ ਸੂਬਾ ਪੱਧਰੀ ਸਾਇੰਸ ਪ੍ਰਦਰਸ਼ਨੀ 'ਚ ਆਪਣੇ-ਆਪਣੇ ਮਾਡਲਾਂ ਨਾਲ ਹਿੱਸਾ ਲਿਆ ਤੇ ਮਿਡਲ ਵਿਭਾਗ ਤੇ ਹਾਈ ਵਿਭਾਗ 'ਚ ਸੂਬਾ ਪੱਧਰ ਚੋੰ ਵਿਦਿਆਰਥਣ ਹੀਨਾ ਪੁੱਤਰੀ ਪਵਨ ਕੁਮਾਰ ਜਮਾਤ ਦਸਵੀਂ ਤੇ ਜਸ਼ਨਪ੍ਰੀਤ ਕੌਰ ਪੁੱਤਰੀ ਹਰਪ੍ਰੀਤ ਸਿੰਘ ਜਮਾਤ ਅੱਠਵੀਂ ਨੇ ਪਹਿਲਾ ਸਥਾਨ ਹਾਸਲ ਕੀਤਾ।
ਵਿਦਿਆਰਥਣਾਂ ਦੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਸਬੰਧਤ ਸਕੂਲ 'ਚ ਇੰਚਾਰਜ ਪ੍ਰਿੰਸੀਪਲ ਸ੍ਰੀਮਤੀ ਅਮਰਪ੍ਰੀਤ ਕੌਰ ਦੇਹੜ ਦੀ ਅਗਵਾਈ ਹੇਠ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ 'ਚ ਜੇਤੂ ਰਹੀਆਂ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ 'ਤੇ ਪਹੁੰਚੇ ਪ੍ਰੈੱਸ ਕਲੱਬ, ਰਾਏਕੋਟ ਦੇ ਪ੍ਰਧਾਨ ਸੰਜੀਵ ਕੁਮਾਰ ਭੱਲਾ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜਿੱਥੇ ਸਕੂਲ ਪ੍ਰਿੰਸੀਪਲ ਡਾ.ਅਮਰਪ੍ਰੀਤ ਕੌਰ ਦੇਹੜ ਨੇ ਖੁਸ਼ੀ ਜਾਹਰ ਕਰਦਿਆਂ ਵਿਦਿਆਰਥਣਾਂ ਤੇ ਮਾਪਿਆਂ ਨੂੰ ਵਧਾਈ ਦਿੱਤੀ,ਉੱਥੇ ਉਹਨਾਂ ਸਕੂਲ ਸਟਾਫ਼ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਹੋਰਨਾਂ ਵਿਦਿਆਰਥਣਾਂ ਨੂੰ ਵੀ ਇੰਝ ਹੀ ਆਪਣੇ ਮੁਕਾਮ ਨੂੰ ਪ੍ਰਾਪਤ ਕਰਦੇ ਰਹਿਣ ਦੀ ਹਿੰਮਤ ਤੇ ਤਿਆਰੀ ਕਰਵਾਉਣ ਦੀ ਅਪੀਲ ਕੀਤੀ।
ਇਸ ਦੌਰਾਨ ਡਾਕਟਰ ਪ੍ਰਵੀਨ ਅਗਰਵਾਲ ਨੇ ਵੀ ਸੰਬੋਧਨ ਦੌਰਾਨ ਜੇਤੂ ਵਿਦਿਆਥਣਾਂ ਨੂੰ ਵਧਾਈ ਦਿੰਦਿਆਂ ਉਹਨਾਂ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਿੰਸੀਪਲ ਡਾ.ਅਮਰਪ੍ਰੀਤ ਕੌਰ ਦੇਹੜ ਨੇ ਦੱਸਿਆ ਕਿ ਸਕੂਲ ਸਾਇੰਸ ਅਧਿਆਪਕਾ ਮਿਸ ਵਨੀਤਾ ਦੀ ਅਗਵਾਈ ਵਿੱਚ ਵਿਦਿਆਰਥਣਾਂ ਨੇ ਡਿਜਾਸਟਰ ਮੈਨੇਜਮੈਂਟ ਦੇ 2 ਮਾਡਲ ਤਿਆਰ ਕੀਤੇ ਸਨ ਤੇ ਵਧੀਆ ਤਰੀਕੇ ਨਾਲ ਪ੍ਰਦਰਸ਼ਨੀ ਕੀਤੀ ਗਈ, ਜਿੱਥੇ ਇਹਨਾਂ ਵਿਦਿਆਰਥਣਾਂ ਨੇ ਸੂਬਾ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਰਾਏਕੋਟ ਬਲਾਕ ਦਾ ਨਾਮ ਰੋਸ਼ਨ ਕੀਤਾ ਹੈ।
ਪ੍ਰਿੰਸੀਪਲ ਡਾ.ਅਮਰਪ੍ਰੀਤ ਕੌਰ ਦੇਹੜ ਨੇ ਅੱਗੇ ਸਾਇੰਸ ਅਧਿਆਪਕਾ ਮਿਸ ਵਨੀਤਾ, ਸੁਮਨ ਲਤਾ, ਮੈਡਮ ਮੋਨਿਕਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਕੂਲ ਸਟਾਫ਼ ਤੇ ਵਿਦਿਆਰਥਣਾਂ ਹੀਨਾ, ਜਸ਼ਨਪ੍ਰੀਤ ਕੌਰ ਦੀ ਮਿਹਨਤ ਦਾ ਨਤੀਜਾ ਹੈ ਉਹਨਾਂ ਜੇਤੂ ਵਿਦਿਆਰਥਣਾਂ ਨੂੰ ਨੈਸ਼ਨਲ ਪੱਧਰ ਤੇ ਵੀ ਮਿਹਨਤ ਕਰਨ ਲਈ ਪ੍ਰੇਰਿਆ ਤਾਂ ਕਿ ਨੈਸ਼ਨਲ ਪੱਧਰ ਤੇ ਸਕੂਲ ਪਹਿਲੇ ਸਥਾਨ ਤੇ ਆ ਸਕੇ।
ਇਸ ਮੌਕੇ ਵਨੀਤਾ, ਸੁਮਨ ਲਤਾ, ਮੋਨਿਕਾ, ਸੁਰਿੰਦਰਪਾਲ ਕੌਰ, ਬਲਵੀਰ ਕੌਰ, ਅੰਮ੍ਰਿਤਪਾਲ ਕੌਰ, ਪਰਮਿੰਦਰ ਕੌਰ, ਮਨਜੀਤ ਕੌਰ, ਚਰਨਜੀਤ ਕੌਰ, ਸੁਖਦੀਪ ਕੌਰ, ਸਤਵਿੰਦਰ ਕੌਰ, ਸੰਧਿਆ ਕਿਰਨ, ਕਮਲਜੀਤ ਕੌਰ, ਕੁਲਵੰਤ ਕੌਰ, ਜਸਵੀਰ ਕੌਰ, ਬਲਵੀਰ ਕੌਰ, ਪਰਦੀਪ ਕੌਰ, ਬਲਵਿੰਦਰ ਸਿੰਘ, ਬਲਵਿੰਦਰ ਕੁਮਾਰ ਸਮੇਤ ਵਿਦਿਆਰਥੀ, ਬੱਚਿਆਂ ਦੇ ਮਾਪੇ ਤੇ ਸਕੂਲ ਪ੍ਰਬੰਧਕ ਕਮੇਟੀ (ਐੱਸ.ਐੱਮ.ਸੀ) ਦੇ ਮੈਂਬਰ ਹਾਜ਼ਰ ਸਨ।