ਪੰਜਾਬੀ ਮੰਚ ਲਾਈਵ ਯੂ.ਐਸ.ਏ ਵੱਲੋਂ ਗੀਤਕਾਰ ਅਤੇ ਫ਼ਨਕਾਰ ਸੁਰਜੀਤ ਸ਼ੇਰਗਿੱਲ ਦੇ ਗੀਤਾਂ 'ਤੇ ਵਿਚਾਰ ਚਰਚਾ
ਅਸ਼ੋਕ ਵਰਮਾ
ਬਠਿੰਡਾ,15 ਫਰਵਰੀ 2025 : ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਨੂੰ ਸਮਰਪਿਤ ਯੂਨਾਈਟਡ ਸਟੇਟ ਆਫ ਅਮਰੀਕਾ ਦੀ ਸੰਸਥਾ "ਪੰਜਾਬੀ ਮੰਚ ਲਾਈਵ ਯੂ.ਐਸ.ਏ.(ਰਜਿ.) ਵੱਲੋਂ ਵਿਦੇਸ਼ ਦੀ ਧਰਤੀ ਉੱਤੇ ਤੇ ਰਹਿ ਕੇ ਸਮੇਂ ਸਮੇਂ ਤੇ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਕਰਵਾਏ ਜਾਂਦੇ ਆਨ ਲਾਈਨ ਸਮਾਗਮਾਂ ਦੀ ਲੜੀ ਤਹਿਤ ਗੀਤਕਾਰ ਅਤੇ ਫ਼ਨਕਾਰ ਸੁਰਜੀਤ ਸ਼ੇਰਗਿੱਲ ਦੇ ਗੀਤਾਂ "ਯਾਰਾਂ ਤੇ ਹਥਿਆਰਾਂ ਨੂੰ", ਅਤੇ "ਸਰਬਾਲ੍ਹਾ" ਗੀਤਾਂ ਉੱਤੇ ਸਾਰਥਿਕ ਵਿਚਾਰ ਚਰਚਾ ਕੀਤੀ ਗਈ। ਇਸ ਵਿਚਾਰ ਚਰਚਾ ਵਿੱਚ , ਅਮਰੀਕਾ ਤੋਂ ਸੰਸਥਾ ਦੇ ਕਰਤਾ ਧਰਤਾ ਅਮਰੀਕ ਸਿੰਘ ਕੰਗ ਨੇ ਗੀਤਾਂ ਦੇ ਤਕਨੀਕੀ ਪੱਖ ਤੋਂ ਗੱਲ ਕੀਤੀ, ਅਤੇ ਕਿਹਾ ਕਿ ਸਾਜ਼ਾਂ ਦਾ ਬਹੁਤਾ ਸ਼ੋਰਸ਼ਰਾਬਾ ਅਵਾਜ਼ ਦੀ ਸਾਰਥਿਕਤਾ ਨੂੰ ਢਾਅ ਲਾਉਂਦਾ ਹੈ।

ਪ੍ਰੋਗਰਾਮ ਸੰਚਾਲਕ ਇਟਲੀ ਤੋਂ ਬਿੰਦਰ ਕੋਲੀਆਂ ਵਾਲ ਨੇ ਗੀਤਾਂ ਨੂੰ ਸਮੇਂ ਦੇ ਹਾਣ ਦਾ ਦੱਸਦਿਆਂ ਗਾਇਕ ਸੁਰਜੀਤ ਨੂੰ ਵਧਾਈ ਦਿੱਤੀ। ਭਾਰਤ ਤੋਂ "ਸਾਹਿਤਕ ਮੰਚ ਭਗਤਾ" ਦੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਨੇ ਕਿਹਾ ਕਿ ਗੀਤਕਾਰੀ ਵਿੱਚ ਪਹਿਲੀ ਵਾਰ 'ਸਰਬਾਲ੍ਹੇ' ਦਾ ਜ਼ਿਕਰ ਹੋਣਾ ਅਸਲੋਂ ਨਵਾਂ ਵਿਸ਼ਾ ਹੈ। ਅੱਜ ਤੱਕ ਕਿਸੇ ਵੀ ਗਾਇਕ ਅਤੇ ਗੀਤਕਾਰ ਵੱਲੋਂ ਇਸ ਵਿਸੇ਼ ਉੱਤੇ ਲਿਖਿਆ ਅਤੇ ਗਾਇਆ ਨਹੀਂ ਗਿਆ ,ਸੋ ਸੁਰਜੀਤ ਸ਼ੇਰਗਿੱਲ ਵਧਾਈ ਦੇ ਪਾਤਰ ਹਨ। ਕੈਨੇਡਾ ਤੋਂ ਪੋਲੀ ਬਰਾੜ, ਨੇ ਕਿਹਾ ਕਿ ਸਰਬਾਲ੍ਹੇ ਗੀਤ ਵਿੱਚ ਮਾਸੜ ਦਾ ਟੱਲੀ ਹੋਣਾ ਖੁਸ਼ੀ ਦਾ ਪ੍ਰਗਟਾਵਾ ਹੈ। ਡਾ. ਰਛਪਾਲ ਸਿੰਘ ਉੱਪਲ ਅਤੇ ਧਰਮਿੰਦਰ ਸਿੰਘ ਕੰਗ ਨੇ ਤਕਨੀਕੀ ਪੱਖ ਤੋਂ ਕਾਪੀ ਰਾਈਟ ਅਤੇ ਸੀਨ ਦੇ ਦੁਹਰਾਓ ਤੋਂ ਸੁਚੇਤ ਕੀਤਾ । ਸੰਸਥਾ ਵੱਲੋਂ ਸੁਰਜੀਤ ਸ਼ੇਰਗਿੱਲ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।