ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਧਿਰ ਵਲੋਂ ਦਿੱਤੀਆਂ ਮਾਨਸਿਕ ਪੀੜਾਂ ਦੇ ਚਲਦੇ ਧਾਮੀ ਸਾਹਿਬ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ - ਐਸਜੀਪੀਸੀ ਮੈਂਬਰ
ਸ਼੍ਰੋਮਣੀ ਕਮੇਟੀ ਮੈਬਰਾਂ ਦਾ ਡਾ: ਚੀਮਾ ਨੂੰ ਠੋਕਵਾਂ ਜਵਾਬ, ਜਿਹੜਾ ਜਖਮ ਧਾਮੀ ਸਾਹਿਬ ਨੂੰ ਦਿੱਤਾ ਗਿਆ, ਉਸ ਦਾ ਇਲਾਜ ਸਿਰਫ ਜੱਥੇਦਾਰ ਹਰਪ੍ਰੀਤ ਸਿੰਘ ਦੀ ਬਹਾਲੀ ਤੇ ਹੁਕਮਨਾਮੇ ਨੂੰ ਇੰਨਬਿੰਨ ਲਾਗੂ ਕਰਨਾਂ ਹੈ
ਚੰਡੀਗੜ, 19 ਫਰਵਰੀ 2025 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ: ਜਸਵੰਤ ਸਿੰਘ ਪੂੜੈਣ ਮੈਂਬਰ ਐਗਜੈਕਟਿਵ, ਜਥੇ: ਸੁਰਿੰਦਰ ਸਿੰਘ ਭੁਲੇਵਾਲਰਾਠਾਂ, ਭਾਈ ਮਨਜੀਤ ਸਿੰਘ, ਮਾਸਟਰ ਮਿੱਠੂ ਸਿੰਘ ਕਾਹਨੇਕੇ ਅਤੇ ਜਥੇ: ਸਤਵਿੰਦਰ ਸਿੰਘ ਟੌਹੜਾ ਸਾਰੇ ਐਸਜੀਪੀਸੀ ਮੈਂਬਰਾਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਨੂੰ ਡਰਾਮਾ ਕਰਾਰ ਦਿੱਤਾ ਹੈ।
ਇੱਥੋਂ ਜਾਰੀ ਬਿਆਨ ਵਿੱਚ ਐਸਜੀਪੀਸੀ ਮੈਂਬਰਾਂ ਨੇ ਧਾਮੀ ਸਾਹਿਬ ਨੂੰ ਮਨਾਉਣ ਆਏ ਵਫ਼ਦ ਦੇ ਮੁਖੀ ਦਲਜੀਤ ਸਿੰਘ ਚੀਮਾ ਨੂੰ ਜਵਾਬ ਦਿੱਤਾ ਕਿ ਜਿਸ ਮਾਨਸਿਕ ਪੀੜਾਂ ਦਾ ਤੁਸੀ ਹਵਾਲਾ ਦਿੱਤਾ, ਜਿਸ ਦੇ ਚਲਦੇ ਧਾਮੀ ਸਾਹਿਬ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ, ਓਹ ਕਿਸੇ ਹੋਰ ਨੇ ਨਹੀਂ ਬਲਕਿ ਖੁਦ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਧਿਰ ਨੇ ਦਿੱਤੀਆਂ। ਇੱਕ ਵਿਅਕਤੀ ਵਿਸ਼ੇਸ਼ ਦੀ ਸਿਆਸਤ ਦੀ ਕਬੂਲੀ ਅਧੀਨਤਾ ਹੇਠ ਜਿਹੜਾ ਪਾਪ ਧਾਮੀ ਸਾਹਿਬ ਤੋਂ ਕਰਵਾਇਆ ਗਿਆ, ਉਸ ਤੋ ਮਿਲੀਆਂ ਪੀੜਾਂ ਦਾ ਕਾਰਨ ਅਸਤੀਫ਼ਾ ਬਣਿਆ।
ਇਸ ਦੇ ਨਾਲ ਹੀ ਜਾਰੀ ਬਿਆਨ ਵਿੱਚ ਐਸਜੀਪੀਸੀ ਮੈਂਬਰਾਂ ਨੇ ਕਿਹਾ ਕਿ ਜਿਹੜੇ ਜਖਮ ਧਾਮੀ ਸਾਹਿਬ ਨੂੰ ਅਕਾਲੀ ਦਲ ਤੇ ਕਾਬਜ ਧਿਰ ਨੇ ਦਿੱਤੇ ਹਨ, ਓਹਨਾ ਜਖਮਾਂ ਦੇ ਇਲਾਜ ਵਾਲੀ ਮੱਲ੍ਹਮ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਬਹਾਲੀ ਨਾਲ ਜੁੜੀ ਹੈ। ਦੂਸਰਾ ਸਭ ਤੋ ਵੱਡਾ ਕਾਰਜ ਜੋ ਦੋ ਦਸੰਬਰ ਦਾ ਫ਼ਸੀਲ ਤੋ ਪੜ੍ਹਿਆ ਹੁਕਮਨਾਮਾ ਹੈ ਉਸ ਮੁਤਾਬਕ ਤੁਰੰਤ ਪਾਰਟੀ ਦੀ ਭਰਤੀ ਦਾ ਕਾਰਜ ਸੰਭਾਲ ਕਿ ਲੋਕਾਂ ਦੀ ਇੱਛਾ ਵਾਲਾ ਸ੍ਰੌਮਣੀ ਅਕਾਲੀ ਦਲ ਸਿਰਜਣ ਵਿਚ ਬਣਦਾ ਰੋਲ ਅਦਾ ਕਰਨ।
ਐਸਜੀਪੀਸੀ ਮੈਬਰਾਂ ਨੇ ਧਾਮੀ ਸਾਹਿਬ ਨੂੰ ਵੀ ਮੁੜ ਅਪੀਲ ਕੀਤੀ ਕਿ, ਓਹ ਆਪਣਾ ਅਸਤੀਫਾ ਵਾਪਸ ਲੈਂਦੇ ਹੋਏ, ਸਿੱਖ ਕੌਮ ਦੀ ਅਗਵਾਈ ਕਰਨ, ਕਿਤੇ ਅਕਾਲੀ ਦਲ ਦੀ ਕਾਬਜ ਧਿਰ ਵਲੋ ਮਿਲਿਆ ਜਖਮ ਨਸੂਰ ਨਾ ਬਣ ਜਾਵੇ, ਇਸ ਕਰਕੇ ਉਹ ਕਾਬਜ ਧਿਰ ਵਲੋ ਪੰਥ ਨੂੰ ਦਿੱਤੇ ਜਾ ਰਹੇ ਹਰ ਰੋਜ ਦੇ ਜਖਮਾਂ ਲਈ ਮਰਜ਼ ਦੀ ਦਵਾਈ ਬਣਨ ਦਾ ਕੰਮ ਕਰਨ।